ਵੈਨਕੂਵਰ ਵਿੱਚ ਮਰੀਜ਼ ਦਾ ਇਲਾਜ ਕਰ ਰਹੇ ਪੈਰਾਮੈਡਿਕ ’ਤੇ ਹਮਲਾ, 27 ਸਾਲਾ ਵਿਅਕਤੀ ਗ੍ਰਿਫ਼ਤਾਰ
ਵੈਨਕੂਵਰ ਦੇ ਡਾਊਨਟਾਊਨ ਇਲਾਕੇ ਵਿੱਚ ਮਰੀਜ਼ ਦੀ ਦੇਖਭਾਲ ਕਰ ਰਹੇ ਇੱਕ ਪੈਰਾਮੈਡਿਕ ’ਤੇ ਹਮਲਾ ਕਰਨ ਦੇ ਦੋਸ਼ ਹੇਠ 27 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵੈਨਕੂਵਰ ਪੁਲਿਸ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ ਸਾਢੇ 11 ਵਜੇ ਤੋਂ ਕੁਝ ਸਮਾਂ ਪਹਿਲਾਂ ਵੈਸਟ ਹੇਸਟਿੰਗਜ਼ ਅਤੇ ਐਬਟ ਸਟਰੀਟ ਦੇ ਨੇੜੇ ਵਾਪਰੀ। ਉਸ ਸਮੇਂ ਪੈਰਾਮੈਡਿਕ ਇੱਕ ਮਰੀਜ਼ ਦੀ ਮਦਦ ਕਰ ਰਿਹਾ ਸੀ। ਪੁਲਿਸ ਅਨੁਸਾਰ ਇੱਕ ਵਿਅਕਤੀ ਉੱਥੇ ਆਇਆ ਅਤੇ ਪੈਰਾਮੈਡਿਕ ਤੋਂ ਪਾਣੀ ਮੰਗਿਆ। ਇਸ ਤੋਂ ਬਾਅਦ ਉਸ ਨੇ ਪੈਰਾਮੈਡਿਕ ਦੇ ਸਿਰ ’ਤੇ ਵਾਰ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਹਮਲੇ ਕਾਰਨ ਪੈਰਾਮੈਡਿਕ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਨੂੰ ਘਟਨਾ ਵਾਲੀ ਥਾਂ ਤੋਂ ਇੱਕ ਬਲਾਕ ਦੀ ਦੂਰੀ ’ਤੇ ਲੱਭ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਹੁਣ ਉਸ ਖ਼ਿਲਾਫ਼ ਹਮਲੇ ਦੇ ਦੋਸ਼ ਲਗਾਉਣ ਦੀ ਸਿਫ਼ਾਰਸ਼ ਕਰ ਰਹੀ ਹੈ। ਇਸ ਘਟਨਾ ਬਾਰੇ ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਵੱਲੋਂ ਅਜੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਐਂਬੂਲੈਂਸ ਪੈਰਾਮੈਡਿਕਸ ਆਫ ਬੀ.ਸੀ. ਯੂਨੀਅਨ ਨੇ ਸੂਬੇ ਵਿੱਚ ਪੈਰਾਮੈਡਿਕਸ ’ਤੇ ਵਧ ਰਹੇ ਹਮਲਿਆਂ ਵੱਲ ਧਿਆਨ ਦਿਵਾਉਣ ਲਈ ਹਿੰਸਾ ਰੋਕਥਾਮ ਮੁਹਿੰਮ ਸ਼ੁਰੂ ਕੀਤੀ ਸੀ।