ਸੀਐਟਲ ਦੇ ‘ਬਾਈਟ ਆਫ਼ ਸੀਐਟਲ’ ਫੂਡ ਫੈਸਟੀਵਲ ਦੌਰਾਨ ਗੋਲੀਬਾਰੀ, 3 ਮੌਤਾਂ, 4 ਜ਼ਖ਼ਮੀ
ਅਮਰੀਕਾ ਦੇ ਸੀਐਟਲ ਸ਼ਹਿਰ ਵਿੱਚ ਸਪੇਸ ਨੀਡਲ ਨੇੜੇ ਹੋ ਰਹੇ ਮਸ਼ਹੂਰ 'ਬਾਈਟ ਆਫ਼ ਸੀਐਟਲ' ਫੂਡ ਫੈਸਟੀਵਲ ਦੌਰਾਨ ਐਤਵਾਰ ਸ਼ਾਮ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚ ਇੱਕ ਦੋ ਸਾਲ ਦਾ ਬੱਚਾ ਵੀ ਸ਼ਾਮਲ ਹੈ। ਪੁਲਿਸ ਨੇ ਇੱਕ ਸ਼ੱਕੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਪੁਲਿਸ ਦਾ ਮੰਨਣਾ ਹੈ ਕਿ ਦੋਵੇਂ ਸ਼ੱਕੀ ਆਪਸ ਵਿੱਚ ਇੱਕ-ਦੂਜੇ 'ਤੇ ਗੋਲੀਆਂ ਚਲਾ ਰਹੇ ਸਨ ਅਤੇ ਇਸ ਵੇਲੇ ਆਮ ਲੋਕਾਂ ਲਈ ਕੋਈ ਹੋਰ ਖ਼ਤਰਾ ਨਹੀਂ ਹੈ। ਗੋਲੀਬਾਰੀ ਸ਼ਾਮ ਕਰੀਬ 6 ਵਜੇ ਉਸ ਸਮੇਂ ਹੋਈ, ਜਦੋਂ ਹਜ਼ਾਰਾਂ ਲੋਕ ਤਿੰਨ ਦਿਨਾਂ ਦੇ ਇਸ ਪ੍ਰਸਿੱਧ ਫੂਡ ਫੈਸਟੀਵਲ ਵਿੱਚ ਮੌਜੂਦ ਸਨ। ਘਟਨਾ ਤੋਂ ਬਾਅਦ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ ਅਤੇ ਕਈ ਲੋਕ ਜਾਨ ਬਚਾਉਣ ਲਈ ਇਮਾਰਤਾਂ ਵਿੱਚ ਜਾ ਲੁਕੇ। ਮਰਨ ਵਾਲਿਆਂ ਵਿੱਚ 19 ਸਾਲ ਅਤੇ 44 ਸਾਲ ਦੇ ਦੋ ਪੁਰਸ਼ ਅਤੇ 56 ਸਾਲ ਦੀ ਇੱਕ ਮਹਿਲਾ ਸ਼ਾਮਲ ਹਨ। ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਫਰਾਰ ਸ਼ੱਕੀ ਦੀ ਤਲਾਸ਼ ਜਾਰੀ ਹੈ।