ਪ੍ਰੀਮੀਅਰ ਵੱਲੋਂ ਐਕਸਟੋਰਸ਼ਨ ਦੇ ਸੰਕਟ ਨਾਲ ਨਿਪਟਣ ਲਈ ਨਵੇਂ ਕਦਮਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਏਬੀ ਨੇ ਸੂਬੇ ਵਿੱਚ ਜਾਰੀ ਐਕਸਟੋਰਸ਼ਨ ਦੇ ਸੰਕਟ ਨਾਲ ਨਿਪਟਣ ਲਈ ਕਈ ਨਵੇਂ ਕਦਮਾਂ ਦਾ ਐਲਾਨ ਕੀਤਾ ਹੈ, ਜਿਸਨੂੰ ਉਨ੍ਹਾਂ ਨੇ “ਸਲੋ-ਮੋਸ਼ਨ ਆਤੰਕੀ ਹਮਲਾ” ਕਰਾਰ ਦਿੱਤਾ। ਮੰਗਲਵਾਰ ਨੂੰ ਏਬੀ ਨੇ ਸਰੀ ਦੇ ਕਾਰੋਬਾਰੀ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ ਅਤੇ ਐਕਸਟੋਰਸ਼ਨ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੀਸੀ ਐਕਸਟੋਰਸ਼ਨ ਟਾਸਕ ਫੋਰਸ ਨਾਲ ਮਿਲ ਕੇ ਕੰਮ ਕਰਨ ਲਈ ਇੱਕ ਕਮਿਊਨਿਟੀ ਐਡਵਾਈਜ਼ਰੀ ਗਰੁੱਪ ਬਣਾਇਆ ਜਾਵੇਗਾ, ਤਾਂ ਜੋ ਪੁਲਿਸ ਨੂੰ ground reality ਦੀ ਬਿਹਤਰ ਸਮਝ ਮਿਲ ਸਕੇ ਅਤੇ ਸੇਵਾਵਾਂ ਵਿੱਚ ਮੌਜੂਦ ਖਾਮੀਆਂ ਦੂਰ ਕੀਤੀਆਂ ਜਾ ਸਕਣ। ਏਬੀ ਨੇ ਇਹ ਵੀ ਦੱਸਿਆ ਕਿ ਸਰੀ ਦੀ ਮੇਅਰ ਬ੍ਰੈਂਡਾ ਲੌਕ ਨਾਲ ਸਹਿਮਤੀ ਹੋਈ ਹੈ ਕਿ ਪੁਲਿਸ ਬੋਰਡ ਦੀਆਂ ਖਾਲੀ ਅਸਾਮੀਆਂ ਸੂਬਾਈ ਸਰਕਾਰ ਅਤੇ ਮੇਅਰ ਦਫ਼ਤਰ ਦੀ ਆਪਸੀ ਸਹਿਮਤੀ ਨਾਲ ਹੀ ਭਰੀਆਂ ਜਾਣਗੀਆਂ, ਤਾਂ ਜੋ ਪੁਲਿਸਿੰਗ-- ਕਮਿਊਨਿਟੀ ਦੀਆਂ ਤਰਜੀਹਾਂ ਅਨੁਸਾਰ ਹੋ ਸਕੇ। ਸਰੀ ਪੁਲਿਸ ਸਰਵਿਸ ਦੇ ਚੀਫ਼ ਨੌਰਮ ਲਿਪਿੰਸਕੀ ਨੇ ਐਕਸਟੋਰਸ਼ਨ ਨਾਲ ਨਿਪਟਣ ਲਈ ਵਧੇਰੇ ਸਹਾਇਤਾ ਦੀ ਮੰਗ ਦਾ ਸਮਰਥਨ ਕੀਤਾ। ਇਸ ਦੌਰਾਨ ਮੇਅਰ ਲੌਕ ਓਟਾਵਾ ਵਿੱਚ ਫੈਡਰਲ ਸਰਕਾਰ ’ਤੇ ਕੌਮੀ ਪੱਧਰ ’ਤੇ ਕਾਰਵਾਈ ਤੇਜ਼ ਕਰਨ ਲਈ ਦਬਾਅ ਬਣਾਉਣਗੇ, ਜਦਕਿ ਏਬੀ ਨੇ ਕਿਹਾ ਕਿ ਅਗਲੇ ਦੋ ਹਫ਼ਤਿਆਂ ਵਿੱਚ ਦੇਸ਼ ਭਰ ਦੀ ਪੁਲਿਸ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਸੰਚਾਰ ਅਤੇ ਜਾਣਕਾਰੀ ਸਾਂਝੀ ਕਰਨ ਵਿੱਚ ਮੌਜੂਦ ਖਾਮੀਆਂ ਦੀ ਪਛਾਣ ਕੀਤੀ ਜਾਵੇਗੀ।

ਇਸ ਲੇਖ ਨੂੰ ਸਾਂਝਾ ਕਰੋ: