ਮੇਪਲ ਰਿਜ਼ ਦੇ ਇੱਕ ਘਰ ’ਤੇ ਗੋਲੀਆਂ ਚਲਣ ਅਤੇ ਦੋ ਵਾਹਨਾਂ ਨੂੰ ਅੱਗ ਲੱਗਣ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ
ਮੇਪਲ ਰਿਜ਼ ਦੇ ਇੱਕ ਰਹਾਇਸ਼ੀ ਇਲਾਕੇ ਵਿੱਚ ਪੁਲਿਸ ਦੋ ਵਾਹਨਾਂ ਨੂੰ ਅੱਗ ਲੱਗਣ ਅਤੇ ਇੱਕ ਘਰ ’ਤੇ ਗੋਲੀਆਂ ਚਲਣ ਦੀ ਘਟਨਾ ਦੀ ਜਾਂਚ ਕਰ ਰਹੀ ਹੈ। ਸਥਾਨਕ ਵਸਨੀਕਾਂ ਮੁਤਾਬਕ ਇਹ ਘਟਨਾ ਸ਼ਨੀਵਾਰ ਸਵੇਰੇ ਲਗਭਗ 4:30 ਵਜੇ 227 ਬੀ ਸਟ੍ਰੀਟ ਦੇ ਨੇੜੇ ਵਾਪਰੀ। ਇੱਕ ਵਸਨੀਕ ਰੇਚਲ ਨੇ ਦੱਸਿਆ ਕਿ ਉਸਨੇ ਤਿੰਨ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀਆਂ ਅਤੇ ਪਹਿਲਾਂ ਉਸਨੂੰ ਲੱਗਿਆ ਕਿ ਸ਼ਾਇਦ ਪਟਾਕੇ ਚਲ ਰਹੇ ਹਨ। ਘਟਨਾ ਤੋਂ ਬਾਅਦ ਪੁਲਿਸ ਨੇ ਸੜ ਚੁੱਕੀਆਂ ਗੱਡੀਆਂ ਦੇ ਬਚੇ-ਖੁੱਚੇ ਹਿੱਸੇ ਹਟਾਏ ਅਤੇ ਇਲਾਕੇ ਵਿੱਚੋ ਸਬੂਤ ਇਕੱਠੇ ਕੀਤੇ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਘਰ ’ਤੇ ਘੱਟੋ-ਘੱਟ ਦੋ ਗੋਲੀਆਂ ਕਿਸਨੇ ਚਲਾਈਆਂ। ਲੋਕਾਂ ਨੇ ਦੱਸਿਆ ਕਿ ਗੋਲੀਆਂ ਇੱਕ ਬੱਚੇ ਦੇ ਬੈੱਡਰੂਮ ਵਿੱਚ ਜਾ ਲੱਗੀਆਂ, ਜਿਸ ਕਾਰਨ ਗਵਾਂਢੀਆਂ ਵਿੱਚ ਡਰ ਅਤੇ ਹੈਰਾਨੀ ਦਾ ਮਾਹੌਲ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਇਹ ਸੜਕ ਆਮ ਤੌਰ ’ਤੇ ਬਹੁਤ ਸ਼ਾਂਤ ਰਹਿੰਦੀ ਹੈ ਅਤੇ ਕਿਸੇ ਨੂੰ ਵੀ ਅਜਿਹੀ ਘਟਨਾ ਦੀ ਉਮੀਦ ਨਹੀਂ ਸੀ। ਲੋਕਾਂ ਮੁਤਾਬਕ ਗੋਲੀਆਂ ਦੀ ਗਿਣਤੀ ਦੋ ਤੋਂ ਛੇ ਦਰਮਿਆਨ ਹੋ ਸਕਦੀ ਹੈ। ਪੜੋਸੀਆਂ ਨੇ ਇਹ ਵੀ ਦੱਸਿਆ ਕਿ ਜਿਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ, ਉੱਥੇ ਰਹਿਣ ਵਾਲਾ ਪਰਿਵਾਰ ਸ਼ਾਂਤ ਅਤੇ ਸਭ ਦਾ ਪਸੰਦੀਦਾ ਹੈ, ਅਤੇ ਘਟਨਾ ਤੋਂ ਬਾਅਦ ਪਰਿਵਾਰ ਦੇ ਮੈਂਬਰ ਬਹੁਤ ਪਰੇਸ਼ਾਨ ਸਨ ਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕਿਉਂ ਹੋਇਆ। ਪੁਲਿਸ ਨੇ ਹਾਲੇ ਤੱਕ ਜਾਂਚ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਅਤੇ ਇਹ ਵੀ ਸਪਸ਼ਟ ਨਹੀਂ ਹੈ ਕਿ ਇਸ ਘਟਨਾ ਵਿੱਚ ਕੋਈ ਜ਼ਖ਼ਮੀ ਹੋਇਆ ਹੈ ਜਾਂ ਨਹੀਂ।