ਕੰਪਨੀ ਵੱਲੋਂ ਅਧੂਰਾ ਲਗਜ਼ਰੀ ਕਾਂਡੋ ਪ੍ਰੋਜੈਕਟ 35 ਮਿਲੀਅਨ ਡਾਲਰ ਵਿੱਚ ਵੇਚਣ ਦੀ ਕੋਸ਼ਿਸ਼
Minglian Holdings Ltd. ਵੱਲੋਂ ਬਣਾਇਆ ਜਾ ਰਿਹਾ ਵੈਨਕੂਵਰ ਦੇ ਬ੍ਰਾਡਵੇ ਕੋਰੀਡੋਰ ‘ਤੇ ਸਥਿਤ ਅਧੂਰਾ ਲਗਜ਼ਰੀ ਕਾਂਡੋ ਪ੍ਰੋਜੈਕਟ “Duet” ਹੁਣ ਅਗਲੇ ਕੁਝ ਮਹੀਨਿਆਂ ਵਿੱਚ ਵੇਚੇ ਜਾਣ ਦੀ ਸੰਭਾਵਨਾ ਹੈ। 2511 Spruce St ‘ਤੇ ਸਥਿਤ ਇਹ 10 ਮੰਜ਼ਿਲਾ ਅਤੇ 38 ਯੂਨਿਟਾਂ ਵਾਲਾ ਪ੍ਰੋਜੈਕਟ 2022 ਵਿੱਚ ਸ਼ੁਰੂ ਹੋਇਆ ਸੀ, ਪਰ ਪਿਛਲੇ ਸਾਲ ਕੰਮ ਅੱਠਵੀਂ ਮੰਜ਼ਿਲ ‘ਤੇ ਰੁਕ ਗਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਕੰਪਨੀ ਨੂੰ ਕਰਜ਼ਦਾਰ ਸੁਰੱਖਿਆ ਮਿਲਣ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਮਾਰਕੀਟ ਵਿੱਚ ਰੱਖਿਆ ਗਿਆ ਹੈ।
National Bank of Canada ਨੂੰ ਇਸ ਪ੍ਰੋਜੈਕਟ ਤੋਂ ਹਾਲੇ ਵੀ ਕਰੀਬ 35.4 ਮਿਲੀਅਨ ਡਾਲਰ ਦੀ ਰਕਮ ਮਿਲਣੀ ਬਾਕੀ ਹੈ। ਕੰਪਨੀ ਦੇ ਪ੍ਰਧਾਨ ਸ਼ੌਨ ਹੁਆਂਗ ਨੇ ਅਦਾਲਤ ਨੂੰ ਦੱਸਿਆ ਕਿ contractors ਨਾਲ ਝਗੜੇ, ਲਾਗਤ ਵਿੱਚ ਵਾਧਾ ਅਤੇ ਆਰਥਿਕ ਹਾਲਾਤਾਂ, ਅਤੇ ਟੈਰਿਫ਼ਾਂ ਵਰਗੀਆਂ ਮੁਸ਼ਕਿਲਾਂ, ਕਾਰਨ ਇਹ ਪ੍ਰੋਜੈਕਟ ਪ੍ਰਭਾਵਿਤ ਹੋਇਆ।
ਇਸ ਸੰਪਤੀ ਨੂੰ Cushman & Wakefield ਵੱਲੋਂ ਲਗਭਗ 35 ਮਿਲੀਅਨ ਡਾਲਰ ਵਿੱਚ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਬੈਂਕ ਦੀ ਬਕਾਇਆ ਰਕਮ ਵਾਪਸ ਕੀਤੀ ਜਾ ਸਕੇ। ਅਦਾਲਤੀ ਮਾਨੀਟਰ ਦੀ ਰਿਪੋਰਟ ਅਨੁਸਾਰ 6 ਤੋਂ 21 ਮਾਰਚ ਦਰਮਿਆਨ ਆਫ਼ਰਾਂ ਦੀ ਸਮੀਖਿਆ ਅਤੇ ਗੱਲਬਾਤ ਹੋਵੇਗੀ, ਜਿਸ ਤੋਂ ਬਾਅਦ ਇੱਕ ਆਫ਼ਰ ਚੁਣ ਕੇ ਅਦਾਲਤ ਤੋਂ ਮਨਜ਼ੂਰੀ ਲਈ ਅਰਜ਼ੀ ਦਿੱਤੀ ਜਾਵੇਗੀ।
ਬੀ.ਸੀ. ਅਸੈਸਮੈਂਟ ਦੇ ਅਨੁਸਾਰ, 2025 ਵਿੱਚ ਇਸ ਪ੍ਰੋਜੈਕਟ ਦੀ ਕੁੱਲ ਕੀਮਤ ਕਰੀਬ 23.3 ਮਿਲੀਅਨ ਡਾਲਰ ਅੰਕਿਤ ਕੀਤੀ ਗਈ ਸੀ।