ਵੈਸਟਜੈੱਟ ਦੇ 4,400 ਫਲਾਈਟ ਅਟੈਂਡੈਂਟ ਹੜਤਾਲ ਦੇ ਨੇੜੇ, ਐਤਵਾਰ ਤੋਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ
ਕੈਨੇਡਾ ਦੀ ਏਅਰਲਾਈਨ ਵੈਸਟਜੈੱਟ ਦੇ ਕਰੀਬ 4,400 ਫਲਾਈਟ ਅਟੈਂਡੈਂਟ ਐਤਵਾਰ ਤੋਂ ਹੜਤਾਲ 'ਤੇ ਜਾ ਸਕਦੇ ਹਨ। ਯੂਨੀਅਨ ਮੈਂਬਰਾਂ ਨੇ ਇਸ ਮਹੀਨੇ 99 ਫ਼ੀਸਦੀ ਸਮਰਥਨ ਨਾਲ ਹੜਤਾਲ ਦੇ ਹੱਕ ਵਿੱਚ ਵੋਟ ਦਿੱਤੀ ਸੀ ਅਤੇ ਨਵੇਂ ਸਮਝੌਤੇ ਲਈ ਗੱਲਬਾਤ ਅਜੇ ਵੀ ਜਾਰੀ ਹੈ। ਜੇ ਸਮਝੌਤਾ ਨਾ ਹੋਇਆ ਤਾਂ ਯੂਨੀਅਨ 72 ਘੰਟਿਆਂ ਦਾ ਨੋਟਿਸ ਦੇ ਸਕਦੀ ਹੈ, ਜਿਸ ਕਾਰਨ ਸ਼ੁੱਕਰਵਾਰ ਤੋਂ ਹੀ ਕੁਝ ਉਡਾਣਾਂ ਰੱਦ ਹੋਣੀਆਂ ਸ਼ੁਰੂ ਹੋ ਸਕਦੀਆਂ ਹਨ। ਵੈਸਟਜੈੱਟ ਨੇ ਕਿਹਾ ਹੈ ਕਿ 30 ਜੁਲਾਈ ਤੋਂ 4 ਅਗਸਤ ਦਰਮਿਆਨ ਯਾਤਰਾ ਕਰਨ ਵਾਲੇ ਯਾਤਰੀ ਆਪਣੀ ਬੁਕਿੰਗ ਬਿਨਾਂ ਕਿਸੇ ਫੀਸ ਦੇ ਇੱਕ ਵਾਰ ਬਦਲ ਜਾਂ ਰੱਦ ਕਰ ਸਕਦੇ ਹਨ। ਹਾਲਾਂਕਿ WestJet Encore ਅਤੇ ਭਾਈਵਾਲ ਏਅਰਲਾਈਨਾਂ ਦੀਆਂ ਉਡਾਣਾਂ ਇਸ ਹੜਤਾਲ ਤੋਂ ਪ੍ਰਭਾਵਿਤ ਨਹੀਂ ਹੋਣਗੀਆਂ। ਯੂਨੀਅਨ ਦਾ ਕਹਿਣਾ ਹੈ ਕਿ ਮੁੱਖ ਵਿਵਾਦ ਜ਼ਮੀਨ 'ਤੇ ਕੀਤੇ ਜਾਣ ਵਾਲੇ ਬਿਨਾਂ ਤਨਖ਼ਾਹ ਵਾਲੇ ਕੰਮ ਅਤੇ ਤਨਖ਼ਾਹ ਦੀ ਦਰ ਨੂੰ ਲੈ ਕੇ ਹੈ। ਦੂਜੇ ਪਾਸੇ, ਕੰਪਨੀ ਦਾ ਕਹਿਣਾ ਹੈ ਕਿ ਉਹ ਅਜਿਹਾ ਸਮਝੌਤਾ ਚਾਹੁੰਦੀ ਹੈ ਜੋ ਕਰਮਚਾਰੀਆਂ ਦੇ ਯੋਗਦਾਨ ਨੂੰ ਮੰਨੇ ਅਤੇ ਕੰਪਨੀ ਨੂੰ ਮੁਕਾਬਲੇਯੋਗ ਵੀ ਬਣਾਈ ਰੱਖੇ। ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀਆਂ ਦੇ busy ਸੀਜ਼ਨ ਵਿੱਚ ਹੜਤਾਲ ਵੈਸਟਜੈੱਟ ਲਈ ਕਰੋੜਾਂ ਡਾਲਰ ਦਾ ਨੁਕਸਾਨ ਕਰ ਸਕਦੀ ਹੈ। ਜੇ ਉਡਾਣ ਰੱਦ ਹੁੰਦੀ ਹੈ ਤਾਂ ਪ੍ਰਭਾਵਿਤ ਯਾਤਰੀਆਂ ਨੂੰ ਹੋਰ ਏਅਰਲਾਈਨ 'ਤੇ ਮੁਫ਼ਤ ਬੁਕਿੰਗ ਜਾਂ ਰਿਫੰਡ ਦਾ ਹੱਕ ਹੋ ਸਕਦਾ ਹੈ।