ਵੈਸਟਜੈੱਟ ਦੇ 4,400 ਫਲਾਈਟ ਅਟੈਂਡੈਂਟਾਂ ਵੱਲੋਂ 72 ਘੰਟਿਆਂ ਦੀ ਹੜਤਾਲ ਨੋਟਿਸ
ਵੈਸਟਜੈੱਟ ਦੇ ਕਰੀਬ 4,400 ਫਲਾਈਟ ਅਟੈਂਡੈਂਟਾਂ ਦੀ ਨੁਮਾਇੰਦਗੀ ਕਰਨ ਵਾਲੀ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਇਜ਼ (CUPE) ਨੇ 72 ਘੰਟਿਆਂ ਦੀ ਹੜਤਾਲ ਨੋਟਿਸ ਜਾਰੀ ਕਰ ਦਿੱਤੀ ਹੈ। ਇਸ ਦੇ ਜਵਾਬ ਵਿੱਚ ਏਅਰਲਾਈਨ ਨੇ ਵੀ ਕਰਮਚਾਰੀਆਂ ਲਈ 72 ਘੰਟਿਆਂ ਦਾ ਲਾਕਆਊਟ ਨੋਟਿਸ ਜਾਰੀ ਕੀਤਾ ਹੈ।
ਹਾਲਾਂਕਿ ਹੜਤਾਲ ਦੀ ਨੋਟਿਸ ਦੇਣ ਦਾ ਮਤਲਬ ਇਹ ਨਹੀਂ ਕਿ ਹੜਤਾਲ ਲਾਜ਼ਮੀ ਹੋਵੇਗੀ, ਪਰ ਜੇ ਦੋਵੇਂ ਧਿਰਾਂ ਵਿੱਚ ਸਮਝੌਤਾ ਨਾ ਹੋਇਆ ਤਾਂ ਐਤਵਾਰ ਤੋਂ ਹੜਤਾਲ ਸ਼ੁਰੂ ਹੋ ਸਕਦੀ ਹੈ।
ਸੰਭਾਵਿਤ ਵਿਘਨ ਨੂੰ ਦੇਖਦੇ ਹੋਏ ਵੈਸਟਜੈੱਟ ਨੇ 30 ਜੁਲਾਈ ਤੋਂ 4 ਅਗਸਤ ਦਰਮਿਆਨ ਯਾਤਰਾ ਲਈ ਬੁੱਕਿੰਗ ਕਰਨ ਵਾਲੇ ਯਾਤਰੀਆਂ ਨੂੰ ਬਿਨਾਂ ਕਿਸੇ ਫੀਸ ਦੇ ਇੱਕ ਵਾਰ ਆਪਣੀ ਉਡਾਣ ਬਦਲਣ ਜਾਂ ਰੱਦ ਕਰਨ ਦੀ ਸਹੂਲਤ ਦਿੱਤੀ ਹੈ।
ਯੂਨੀਅਨ ਦਾ ਕਹਿਣਾ ਹੈ ਕਿ ਮੁੱਖ ਵਿਵਾਦ ਜ਼ਮੀਨੀ ਡਿਊਟੀਆਂ ਸਮੇਤ ਬਿਨਾਂ ਤਨਖ਼ਾਹ ਵਾਲੇ ਕੰਮ ਨੂੰ ਲੈ ਕੇ ਹੈ। ਦੂਜੇ ਪਾਸੇ ਵੈਸਟਜੈੱਟ ਦਾ ਕਹਿਣਾ ਹੈ ਕਿ ਕਰਮਚਾਰੀਆਂ ਦੀਆਂ ਸਾਰੀਆਂ ਡਿਊਟੀਆਂ ਦਾ ਭੁਗਤਾਨ "ਕ੍ਰੈਡਿਟ ਆਵਰ" ਪ੍ਰਣਾਲੀ ਅਧੀਨ ਕੀਤਾ ਜਾਂਦਾ ਹੈ।
ਵੈਸਟਜੈੱਟ ਹਰ ਰੋਜ਼ 600 ਤੋਂ ਵੱਧ ਉਡਾਣਾਂ ਚਲਾਉਂਦੀ ਹੈ ਅਤੇ ਕੁਝ ਦਿਨਾਂ ਵਿੱਚ 70 ਹਜ਼ਾਰ ਤੋਂ ਵੱਧ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰਦੀ ਹੈ।