ਓਨਟਾਰੀਓ ਦੇ ਵਾਕ-ਇਨ ਕਲਿਨਿਕ ਖ਼ਿਲਾਫ਼ $5 ਮਿਲੀਅਨ ਦਾ ਮੁਕੱਦਮਾ
ਬਰਲਿੰਗਟਨ, ਓਨਟਾਰੀਓ ਦੇ ਇੱਕ ਵਿਅਕਤੀ ਨੇ ਇੱਕ ਸਥਾਨਕ ਵਾਕ-ਇਨ ਕਲਿਨਿਕ ਖ਼ਿਲਾਫ਼ $5 ਮਿਲੀਅਨ ਦਾ ਮੁਕੱਦਮਾ ਦਰਜ ਕੀਤਾ ਹੈ, ਦਾਅਵਾ ਕਰਦੇ ਹੋਏ ਕਿ ਇੱਕ ਸੈਨੀਟਾਈਜ਼ ਨਾ ਕੀਤੀ ਗਈ ਸੂਈ ਨਾਲ ਦਿੱਤੇ ਗਏ ਇੰਜੈਕਸ਼ਨ ਕਾਰਨ ਉਸਨੂੰ ਹੈਪੇਟਾਈਟਿਸ C ਹੋ ਗਿਆ।
ਇਹ ਮਾਮਲਾ Ontario Superior Court of Justice ਵਿੱਚ ਦਰਜ ਕੀਤਾ ਗਿਆ ਹੈ। Darwin Allen ਦੇ ਅਨੁਸਾਰ, ਉਹ ਸਤੰਬਰ 2023 ਵਿੱਚ Halton Family Health Centre Walk-In Clinic ‘ਤੇ ਆਪਣੇ ਪੈਰ ਦੀ ਸੱਟ ਦਾ ਇਲਾਜ ਕਰਵਾਉਣ ਗਿਆ ਸੀ, ਜਿੱਥੇ ਡਾਕਟਰ Timothy Salter ਨੇ ਉਸਨੂੰ ਇੱਕ ਐਨੇਸਥੈਟਿਕ ਦਾ ਇੰਜੈਕਸ਼ਨ ਦਿੱਤਾ। ਦਾਅਵਾ ਕੀਤਾ ਗਿਆ ਹੈ ਕਿ ਇਹ ਇੰਜੈਕਸ਼ਨ ਸੈਨੀਟਾਈਜ਼ ਨਾ ਕੀਤੀ ਗਈ ਸੂਈ ਨਾਲ ਦਿੱਤਾ ਗਿਆ ।
ਨਵੰਬਰ 2025 ਵਿੱਚ, Halton Region Public Health ਵੱਲੋਂ ਉਸਨੂੰ ਪੱਤਰ ਮਿਲਿਆ ਜਿਸ ਵਿੱਚ ਕਿਹਾ ਗਿਆ ਕਿ ਕਲਿਨਿਕ ਵਿੱਚ ਇਨਫੈਕਸ਼ਨ ਰੋਕਥਾਮ ਅਤੇ ਕੰਟਰੋਲ ਵਿੱਚ ਗਲਤੀਆਂ ਪਾਈਆਂ ਗਈਆਂ ਹਨ। ਉਸਨੂੰ ਹੈਪੇਟਾਈਟਿਸ B, ਹੈਪੇਟਾਈਟਿਸ C ਅਤੇ HIV ਲਈ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ।
ਇਸ ਤੋਂ ਬਾਅਦ ਕੀਤੇ ਗਏ ਖੂਨ ਟੈਸਟ ਵਿੱਚ Allen ਨੂੰ ਹੈਪੇਟਾਈਟਿਸ C ਪਾਜ਼ੀਟਿਵ ਪਾਇਆ ਗਿਆ। ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਕਾਰਨ ਉਸਨੂੰ ਗੰਭੀਰ ਅਤੇ ਸਥਾਈ ਸਰੀਰਕ ਅਤੇ ਮਨੋਵੈਗਿਆਨਿਕ ਨੁਕਸਾਨ ਹੋਇਆ ਹੈ, ਜਿਸ ਵਿੱਚ ਡਿਪ੍ਰੈਸ਼ਨ, ਐਂਜ਼ਾਇਟੀ ਅਤੇ PTSD ਸ਼ਾਮਲ ਹਨ।
ਦਾਅਵਾ ਇਹ ਵੀ ਹੈ ਕਿ ਕਲਿਨਿਕ ਅਤੇ ਡਾਕਟਰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੇ ਅਤੇ ਸਹੀ ਸਟੀਰਿਲਾਈਜ਼ੇਸ਼ਨ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ।
ਕਲਿਨਿਕ ਦੇ ਮੌਜੂਦਾ ਮਾਲਕਾਂ ਨੇ ਕਿਹਾ ਹੈ ਕਿ ਇਹ ਘਟਨਾ ਉਨ੍ਹਾਂ ਦੇ ਮਾਲਕੀ ਸੰਭਾਲਣ ਤੋਂ ਪਹਿਲਾਂ ਵਾਪਰੀ ਸੀ ਅਤੇ ਜਿੰਮੇਵਾਰ ਪੱਖ ਹੁਣ ਕਲਿਨਿਕ ਨਾਲ ਸੰਬੰਧਤ ਨਹੀਂ ਹਨ। ਉਹਨਾਂ ਇਹ ਵੀ ਕਿਹਾ ਹੈ ਕਿ ਸੁਰੱਖਿਆ ਨਾਲ ਸੰਬੰਧਿਤ ਸਾਰੇ ਜੋਖਮ ਹਟਾ ਦਿੱਤੇ ਗਏ ਹਨ ਅਤੇ ਮਰੀਜ਼ਾਂ ਲਈ ਕੋਈ ਖਤਰਾ ਨਹੀਂ ਹੈ।
ਇਹ ਮਾਮਲਾ ਅਜੇ ਅਦਾਲਤ ਵਿੱਚ ਚੱਲ ਰਿਹਾ ਹੈ।