ਪੰਜਾਬ 'ਚ ਕਣਕ ਭੰਡਾਰਨ ਲਈ ਥਾਂ ਦੀ ਘਾਟ ਕਾਰਨ ਸੰਕਟ
ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਚੌਕਸ ਕੀਤਾ ਹੈ ਕਿ ਜੇ ਸੂਬੇ ਵਿਚੋਂ ਕਣਕ ਦੀ ਚੁਕਾਈ ਨਾ ਹੋਈ, ਤਾਂ ਕਿਸਾਨਾਂ ’ਚ ਅਸ਼ਾਂਤੀ ਪੈਦਾ ਹੋ ਸਕਦੀ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਪੰਜਾਬ ’ਚ ਕਣਕ ਦੀ ਸਰਕਾਰੀ ਖ਼ਰੀਦ ਅਗਲੇ ਹਫ਼ਤੇ ਸ਼ੁਰੂ ਹੋ ਰਹੀ ਹੈ। ਕਣਕ ਭੰਡਾਰਨ ਲਈ ਥਾਂ ਦੀ ਘਾਟ ਕਰ ਕੇ ਸੰਕਟ ਹੋਰ ਡੂੰਘਾ ਹੋ ਗਿਆ ਹੈ। ਸੂਬਾ ਸਰਕਾਰ ਨੇ ਭਾਰਤੀ ਖ਼ੁਰਾਕ ਨਿਗਮ ਨੂੰ ਪਿਛਲੇ ਸਾਲ ਦੇ ਅਨਾਜ ਦੀ ਤੁਰੰਤ ਚੁਕਾਈ ਕਰਨ ਲਈ ਕਿਹਾ ਹੈ, ਤਾਂ ਜੋ ਆਗਾਮੀ ਕਣਕ ਸੀਜ਼ਨ ’ਚ ਫ਼ਸਲ ਲਈ ਥਾਂ ਬਣਾਈ ਜਾ ਸਕੇ।
ਪੰਜਾਬ ’ਚ ਪਹਿਲੀ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਹੈ। ਇਸ ਵਾਰ ਵੱਧ ਤਾਪਮਾਨ ਕਾਰਨ ਪਟਿਆਲਾ ਅਤੇ ਮੋਹਾਲੀ ਜ਼ਿਲ੍ਹਿਆਂ ’ਚ ਕਣਕ ਦੀ ਫ਼ਸਲ ਅਗੇਤੀ ਆ ਸਕਦੀ ਹੈ। ਲੰਘੇ ਦੋ ਸਾਲਾਂ ਤੋਂ ਕੌਮੀ ਪੱਧਰ ’ਤੇ ਕਣਕ ਦੀ ਖ਼ਰੀਦ ਵਧੀ ਹੈ ਤੇ ਦੂਜੇ ਸੂਬਿਆਂ ’ਚ ਕਣਕ ਦੀ ਮੰਗ ਘਟੀ ਹੈ। ਨਤੀਜੇ ਵਜੋਂ ਪੰਜਾਬ ’ਚੋਂ ਕਣਕ ਦੀ ਚੁਕਾਈ ਘਟੀ ਹੈ। ਪਿਛਲੇ ਸਾਲ ਖੁੱਲ੍ਹੇ ’ਚ ਭੰਡਾਰ ਕਣਕ ’ਚੋਂ ਸਿਰਫ਼ ਪੰਜਾਹ ਫ਼ੀਸਦੀ ਦੀ ਹੀ ਚੁਕਾਈ ਹੋਈ ਹੈ। ਪੰਜਾਬ ਸਰਕਾਰ ਨੇ ਭਾਰਤੀ ਖ਼ੁਰਾਕ ਨਿਗਮ ਦੇ ਚੇਅਰਮੈਨ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਜੇ ਕੇਂਦਰ ਨੇ ਕਣਕ ਦੇ ਖ਼ਰੀਦ ਸੀਜ਼ਨ ਦੌਰਾਨ ਪੰਜਾਬ ’ਚੋਂ 22 ਲੱਖ ਮੀਟਰਿਕ ਟਨ ਕਣਕ ਦੀ ਮੰਡੀਆਂ ’ਚੋਂ ਸਿੱਧੀ ਚੁਕਾਈ ਨਾ ਕੀਤੀ, ਤਾਂ ਅਮਨ ਕਾਨੂੰਨ ਦੀ ਵਿਵਸਥਾ ਵਿਗੜਨ ਦਾ ਡਰ ਹੈ।