ਵੈਨਕੂਵਰ ਵਿੱਚ ਮੇਨ ਸਟ੍ਰੀਟ ਅਤੇ ਬਰਾਡਵੇਅ ਦਾ ਰਸ਼ਭਰਾ ਚੌਰਾਹਾ ਸਬਵੇ ਨਿਰਮਾਣ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਬੰਦ
ਵੈਨਕੂਵਰ ਵਿੱਚ ਮੇਨ ਸਟ੍ਰੀਟ ਅਤੇ ਬਰਾਡਵੇਅ ਦਾ ਰਸ਼ਭਰਾ ਚੌਰਾਹਾ ਸਬਵੇ ਨਿਰਮਾਣ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਬੰਦ ਹੈ, ਜਿਸ ਨਾਲ ਇਲਾਕੇ ਦੇ ਕਾਰੋਬਾਰ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਕਈ ਮਾਲਕਾਂ ਨੂੰ ਆਪਣਾ ਭਵਿੱਖ ਅਨਿਸ਼ਚਿਤ ਲੱਗ ਰਿਹਾ ਹੈ। ਇਟਾਲੀਆ ਬੈਲਾ ਬਾਰ ਐਂਡ ਗ੍ਰਿੱਲ ਦੇ ਮਾਲਕ ਕਮਲ ਖਿੰਡਾ ਨੇ ਦੱਸਿਆ ਕਿ ਸੜਕਾਂ ਬੰਦ ਹੋਣ ਅਤੇ ਪਾਰਕਿੰਗ ਦੀ ਘਾਟ ਕਾਰਨ ਗਾਹਕ ਆਉਣ ਬੰਦ ਹੋ ਗਏ ਹਨ। ਉਨ੍ਹਾਂ ਅਨੁਸਾਰ ਲੋਕ ਪਹੁੰਚ ਨਾ ਹੋਣ ਕਰਕੇ ਹੋਰ ਥਾਵਾਂ ’ਤੇ ਚਲੇ ਜਾਂਦੇ ਹਨ, ਜਿਸ ਨਾਲ ਵਿਕਰੀ ਵਿੱਚ ਵੱਡੀ ਗਿਰਾਵਟ ਆਈ ਹੈ ਅਤੇ ਉਹ ਆਪਣੇ ਪੈਸੇ ਨਾਲ ਕਾਰੋਬਾਰ ਚਲਾਉਣ ਲਈ ਮਜਬੂਰ ਹਨ।
ਉੱਥੇ ਹੀ Up in Smoke ਕੈਨਾਬਿਸ ਸਟੋਰ ਦੇ ਮਾਲਕ ਮੈਥਿਊ ਗ੍ਰੀਨਵੁੱਡ ਨੇ ਕਿਹਾ ਕਿ ਫੁੱਟ ਟ੍ਰੈਫਿਕ ਵਿੱਚ 90 ਫੀਸਦੀ ਤੋਂ ਵੱਧ ਦੀ ਕਮੀ ਆਈ ਹੈ ਅਤੇ ਕਾਰੋਬਾਰ ਨੂੰ ਚਲਾਉਣ ਲਈ ਉਹ ਆਨਲਾਈਨ ਵਿਕਰੀ ’ਤੇ ਨਿਰਭਰ ਹਨ। ਉਨ੍ਹਾਂ ਨੇ ਕਿਹਾ ਕਿ ਕੈਂਬੀ ਸਟ੍ਰੀਟ ਦੇ ਦੋਹਾਂ ਪਾਸਿਆਂ ਵਿਚਕਾਰ ਵੱਡਾ ਫਰਕ ਹੈ—ਇੱਕ ਪਾਸੇ ਰੋਣਕ ਹੈ ਜਦਕਿ ਦੂਜਾ ਪਾਸਾ ਲਗਭਗ ਸੁੰਨਾ ਪਿਆ ਹੈ।
ਮਾਊਂਟ ਪਲੀਜ਼ੈਂਟ ਬਿਜ਼ਨਸ ਇੰਪ੍ਰੂਵਮੈਂਟ ਐਸੋਸੀਏਸ਼ਨ ਦੇ ਅਧਿਕਾਰੀ ਨੀਲ ਵਾਈਲਜ਼ ਨੇ ਦੱਸਿਆ ਕਿ ਕਈ ਕਾਰੋਬਾਰ ਬੰਦ ਹੋ ਚੁੱਕੇ ਹਨ ਅਤੇ ਹੋਰ ਵੀ ਸੰਘਰਸ਼ ਕਰ ਰਹੇ ਹਨ। ਪ੍ਰਾਂਤ ਵੱਲੋਂ ਵਿੱਤੀ ਮਦਦ ਨਾ ਮਿਲਣ ਕਾਰਨ ਨਿਰਾਸ਼ਾ ਵਧ ਰਹੀ ਹੈ। ਇਹ ਸਬਵੇ ਪ੍ਰੋਜੈਕਟ 2027 ਵਿੱਚ ਪੂਰਾ ਹੋਣ ਦੀ ਉਮੀਦ ਹੈ, ਜਿਸ ਨਾਲ ਭਵਿੱਖ ਵਿੱਚ ਆਵਾਜਾਈ ਸੁਧਰਨ ਅਤੇ ਟ੍ਰੈਫਿਕ ਘਟਣ ਦੀ ਆਸ ਹੈ।