ਮੈਟਰੋ ਵੈਂਕੂਵਰ ਦੀ ਪਬਲਿਕ ਟ੍ਰਾਂਜ਼ਿਟ ਦੇ ਕਿਰਾਏ ਵਿਚ ਹੋਵੇਗਾ ਵਾਧਾ

ਮੈਟਰੋ ਵੈਂਕੂਵਰ ਦੀ ਪਬਲਿਕ ਟ੍ਰਾਂਜ਼ਿਟ ਸੇਵਾਵਾਂ ਵਰਤਣ ਵਾਲਿਆਂ ਲਈ 1 ਜੁਲਾਈ ਤੋਂ ਕਿਰਾਏ ਵਿੱਚ ਪੰਜ ਫੀਸਦੀ ਵਾਧਾ ਕੀਤਾ ਜਾ ਰਿਹਾ ਹੈ। ਇਸ ਵਾਧੇ ਦੇ ਤਹਿਤ ਐਡਲਟ ਕੈਸ਼ ਅਤੇ ਕਾਂਟੈਕਟਲੈੱਸ payment ਵਾਲੇ ਕਿਰਾਏ 10 ਤੋਂ 25 ਸੈਂਟ ਤੱਕ ਵੱਧ ਜਾਣਗੇ। ਜ਼ੋਨ 1 ਟਿਕਟ ਦੀ ਕੀਮਤ ਹੁਣ $3.50 ਹੋਵੇਗੀ, ਜ਼ੋਨ ਲਈ $5.10 ਅਤੇ ਜ਼ੋਨ 3 ਲਈ $6.70 ਨਿਰਧਾਰਤ ਕੀਤੀ ਗਈ ਹੈ।

ਸਟੋਰਡ-ਵੈਲਿਊ ਕਾਰਡ ਵਰਤਣ ਵਾਲੇ ਯਾਤਰੀਆਂ ਲਈ ਕਿਰਾਏ ਵਿੱਚ 15 ਤੋਂ 20 ਸੈਂਟ ਤੱਕ ਵਾਧਾ ਹੋਵੇਗਾ, ਜਿਸ ਨਾਲ ਜ਼ੋਨ 1 ਦਾ ਕਿਰਾਇਆ $2.85 ਅਤੇ ਜ਼ੋਨ 3 ਦਾ $5.40 ਹੋ ਜਾਵੇਗਾ। ਇਸ ਤੋਂ ਇਲਾਵਾ, ਮਹੀਨਾਵਾਰ ਟ੍ਰਾਂਜ਼ਿਟ ਪਾਸਾਂ ਦੀ ਕੀਮਤ ਵੀ ਪੰਜ ਫੀਸਦੀ ਵਧੇਗੀ, ਜੋ $117.20 ਤੋਂ $211.65 ਤੱਕ ਰਹੇਗੀ।

ਵੈਸਟ ਕੋਸਟ ਐਕਸਪ੍ਰੈੱਸ ਸੇਵਾ ਦੇ ਕਿਰਾਏ ਵਿੱਚ ਵੀ ਇਸੇ ਤਰ੍ਹਾਂ ਵਾਧਾ ਕੀਤਾ ਗਿਆ ਹੈ, ਜਿੱਥੇ ਜ਼ੋਨ 1 ਦਾ ਕਿਰਾਇਆ $6.95 ਹੋਵੇਗਾ ਅਤੇ ਮਿਸ਼ਨ ਸਿਟੀ ਤੋਂ ਵਾਟਰਫਰੰਟ ਤੱਕ ਪੂਰੇ ਜ਼ੋਨ 5 ਦਾ ਸਫ਼ਰ $14.95 ਪਵੇਗਾ।

ਇਹ ਵਾਧੇ ਟ੍ਰਾਂਸਲਿੰਕ ਦੀ 10 ਸਾਲਾ ਨਿਵੇਸ਼ ਯੋਜਨਾ ਦੇ ਤਹਿਤ ਕੀਤੇ ਗਏ ਹਨ, ਜਿਸਦਾ ਮਕਸਦ ਮੈਟਰੋ ਵੈਂਕੂਵਰ ਵਿੱਚ ਟ੍ਰਾਂਜ਼ਿਟ ਸੇਵਾਵਾਂ ਦਾ ਵਿਸਥਾਰ ਅਤੇ ਸੁਧਾਰ ਕਰਨਾ ਹੈ। ਹਾਲਾਂਕਿ ਅਗਲੇ ਸਾਲ ਕਿਰਾਏ ਵਿੱਚ ਵਾਧਾ ਲਗਭਗ ਦੋ ਫੀਸਦੀ ਹੀ ਰਹਿਣ ਦੀ ਸੰਭਾਵਨਾ ਹੈ।

ਇਸ ਲੇਖ ਨੂੰ ਸਾਂਝਾ ਕਰੋ: