ਗਮਾਡਾ ਵੱਲੋਂ 5,460 ਕਰੋੜ ਰੁਪਏ ਦੀ ਕੀਮਤ ਵਾਲੀਆਂ 42 ਪ੍ਰਮੁੱਖ ਸਥਾਨਾਂ ਦੀ ਨਿਲਾਮੀ ਦੀ ਪੇਸ਼ਕਸ਼
ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਇੱਕ ਆਨਲਾਈਨ ਪ੍ਰਕਿਰਿਆ ਰਾਹੀਂ 5,460 ਕਰੋੜ ਰੁਪਏ ਦੀਆਂ 42 ਪ੍ਰਮੁੱਖ ਸਥਾਨਾਂ ਦੀ ਨਿਲਾਮੀ ਕਰੇਗੀ, ਪਹਿਲੀ ਮੈਗਾ ਨਿਲਾਮੀ 14 ਜਨਵਰੀ ਤੋਂ 11 ਫਰਵਰੀ, 2026 ਤੱਕ ਹੋਵੇਗੀ।
ਆਨਲਾਈਨ ਨੀਲਾਮੀ ਲਈ ਪੇਸ਼ ਕੀਤਾ ਪ੍ਰਾਪਰਟੀਆਂ ‘ਚ ਰਿਹਾਇਸ਼ੀ ਪਲਾਟ, ਐਸ.ਸੀ.ਓਜ਼, ਮਿਕਸਡ ਲੈਂਡ ਯੂਜ਼, ਗਰੂਪ ਹਾਊਸਿੰਗ, ਹਸਪਤਾਲ ਅਤੇ ਹੋਟਲ ਲਈ ਜ਼ਮੀਨ ਉਪਲਬੱਧ ਹੈ | ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਗ੍ਰੇਟਰ ਮੋਹਾਲੀ ਅਰਬਨ ਡਿਵੈਲਪਮੈਂਟ ਅਥਾਰਟੀ ਦੀਆਂ 42 ਸਾਈਟਾਂ ਨੂੰ ਆਨਲਾਈਨ ਨੀਲਾਮੀ ਲਈ ਪੇਸ਼ ਕੀਤਾ । ਆਨਲਾਈਨ ਨੀਲਾਮੀ ਲਈ ਪੇਸ਼ ਕੀਤਾ ਗਈਆਂ ਪ੍ਰਾਪਰਟੀਆਂ ‘ਚ ਰਿਹਾਇਸ਼ੀ ਪਲਾਟ, ਐਸ.ਸੀ.ਓਜ਼, ਮਿਕਸਡ ਲੈਂਡ ਯੂਜ਼, ਗਰੂਪ ਹਾਊਸਿੰਗ, ਹਸਪਤਾਲ ਅਤੇ ਹੋਟਲ ਲਈ ਜ਼ਮੀਨ ਉਪਲਬੱਧ ਹੈ।
ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਿਵੇਸ਼ਕ-ਪੱਖੀ ਨੀਤੀਆਂ ਸਦਕਾ ਸੂਬੇ ‘ਚ ਰੀਅਲ ਅਸਟੇਟ ਸੈਕਟਰ ‘ਚ ਵੱਡੇ ਪੱਧਰ ‘ਤੇ ਨਿਵੇਸ਼ ਹੋਇਆ ਹੈ ਅਤੇ ਇਸ ਸੈਕਟਰ ਨੂੰ ਕਾਫ਼ੀ ਉਤਸ਼ਾਹ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਪੰਜਾਬ ਅਧੀਨ ਕੰਮ ਕਰਦੀਆਂ ਵਿਕਾਸ ਅਥਾਰਿਟੀਆਂ ਵੱਲੋਂ ਸਮੇਂ-ਸਮੇਂ ‘ਤੇ ਕੀਤੀਆਂ ਈ-ਆਕਸ਼ਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਲੜੀ ਨੂੰ ਜਾਰੀ ਰੱਖਦਿਆਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ ਵੱਲੋਂ ਸਾਲ 2026 ਦੀ ਪਹਿਲੀ ਮੈਗਾ ਆਕਸ਼ਨ 14 ਜਨਵਰੀ,2026 ਤੋਂ 11 ਫਰਵਰੀ, 2026 ਤੱਕ ਕਰਵਾਈ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਪਿਛਲੀ ਕੈਬਨਿਟ ਬੈਠਕ ‘ਚ ਲਏ ਫ਼ੈਸਲੇ ਅਨੁਸਾਰ ਇਸ ਨੀਲਾਮੀ ‘ਚ ਪੇਸ਼ ਕੀਤੀਆਂ ਜਾ ਰਹੀਆਂ ਪ੍ਰਾਪਰਟੀਆਂ ਦੀ ਕੀਮਤ ਨੂੰ ਤਰਕਸੰਗਤ ਕੀਤਾ ਹੈ, ਤਾਂ ਜੋ ਹਰੇਕ ਵਰਗ ਦਾ ਵਿਅਕਤੀ ਆਪਣੀ ਲੋੜ ਮੁਤਾਬਕ ਪ੍ਰਾਪਰਟੀ ਨੂੰ ਆਸਾਨੀ ਨਾਲ ਖਰੀਦ ਸਕੇ, ਜਿਸ ਨਾਲ ਉਸ ਦਾ ਆਪਣਾ ਘਰ ਬਣਾਉਣ ਜਾਂ ਨਵਾਂ ਕਾਰੋਬਾਰ ਸ਼ੁਰੂ ਕਰਨ ਦਾ ਸੁਪਨਾ ਪੂਰਾ ਹੋ ਸਕੇ।
ਉਨ੍ਹਾਂ ਦੱਸਿਆ ਕਿ ਇਸ ਨੀਲਾਮੀ ‘ਚ ਪੇਸ਼ ਕੀਤੀਆਂ ਪ੍ਰਾਪਰਟੀਆਂ ਸ਼ਹਿਰਾਂ ਦੇ ‘ਚੋਂ ਹਨ ਅਤੇ ਆਵਾਜਾਈ ਦੇ ਵੱਖ-ਵੱਖ ਸਾਧਨਾਂ ਜਿਵੇਂ ਕੌਮਾਂਤਰੀ ਹਵਾਈ ਅੱਡੇ, ਰੇਲਵੇ ਸਟੇਸ਼ਨ ਅਤੇ ਸੜਕੀ ਮਾਰਗ ਰਾਹੀਂ ਬਹੁਤ ਹੀ ਆਸਾਨੀ ਨਾਲ ਪਹੁੰਚ ਕਰਨ ਯੋਗ ਹਨ।
ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਸਮੁੱਚੀ ਨੀਲਾਮੀ ਪ੍ਰੀਕਿਰਿਆ ਗਮਾਡਾ ਵੱਲੋਂ ਪੂਰੀ ਤਰ੍ਹਾਂ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਬੋਲੀ ਲਈ ਯੋਗਤਾ, ਸਾਈਟਾਂ ਦੀ ਅਦਾਇਗੀ ਸਬੰਧੀ ਸ਼ਡਿਊਲ, ਮੁਕਮੰਲ ਵੇਰਵੇ ਅਤੇ ਨਿਯਮ ਤੇ ਸ਼ਰਤਾਂ ਆਕਸ਼ਨ ਸਬੰਧੀ ਪੋਰਟਲ puda.enivida.com ‘ਤੇ ਵੇਖੀਆਂ ਜਾ ਸਕਦੀਆਂ ਹਨ ਅਤੇ ਇਸ ਆਕਸ਼ਨ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਬੋਲਕੀਕਾਰ ਆਕਸ਼ਨ ‘ਚ ਭਾਗ ਲੈ ਸਕਦਾ ਹੈ।
ਇਸ ਤੋਂ ਇਲਾਵਾ ਬੋਲੀਕਾਰਾਂ ਦੀ ਸਹੂਲਤ ਲਈ ਗਮਾਡਾ ਵੱਲੋਂ ਇੱਕ ਨਵੀਂ ਈ-ਮੇਲ invest.gmada@punjab.gov.in ਵੀ ਸ਼ੁਰੂ ਕੀਤੀ ਹੈ। ਪ੍ਰਾਪਰਟੀਆਂ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਬੋਲੀਕਾਰ ਉਕਤ ਮੇਲ ‘ਤੇ ਸੰਪਰਕ ਕਰ ਸਕਦੇ ਹਨ।
ਕੈਬਨਿਟ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਪਿਛਲੀਆਂ ਸਫ਼ਲ ਰਹੀਆਂ ਨੀਲਾਮੀਆਂ ਵਾਂਗ ਹੀ, ਇਹ ਨੀਲਾਮੀ ਵੀ ਸਫ਼ਲ ਰਹੇਗੀ। ਜਿਸ ਨਾਲ ਸੂਬੇ ‘ਚ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਇਸ ਦੇ ਨਾਲ ਹੀ ਆਕਸ਼ਨ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਨੂੰ ਗਮਾਡਾ ਆਪਣੇ ਅਧਿਕਾਰ ਖੇਤਰ ‘ਚ ਖ਼ਰਚ ਕਰਕੇ ਵਿਕਾਸ ਦੇ ਨਵੇਂ ਮਿਆਰ ਸਥਾਪਿਤ ਕਰੇਗਾ।