ਸਰੀ ਸਿਟੀ ਕੌਂਸਲ ਨੇ ਸ਼ਹਿਰ ਦੇ ਵਿਕਾਸ ਲਈ 5.85 ਮਿਲੀਅਨ ਦੇ ਠੇਕਿਆਂ ਨੂੰ ਮਨਜ਼ੂਰੀ

ਸਰੀ ਸਿਟੀ ਕੌਂਸਲ ਨੇ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਵਧਦੀ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ 15 ਜੂਨ ਨੂੰ ਲਗਭਗ 5.85 ਮਿਲੀਅਨ ਡਾਲਰ ਦੇ ਕਈ ਜਨਤਕ ਨਿਰਮਾਣ ਅਤੇ ਇੰਜੀਨੀਅਰਿੰਗ ਠੇਕਿਆਂ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ ਪ੍ਰੋਜੈਕਟਾਂ ਲਈ ਕੁੱਲ ਖਰਚ ਸੀਮਾ 6.52 ਮਿਲੀਅਨ ਡਾਲਰ ਰੱਖੀ ਗਈ ਹੈ। ਮਨਜ਼ੂਰ ਕੀਤੇ ਗਏ ਕੰਮਾਂ ਵਿੱਚ 24 ਐਵੇਨਿਊ ਅਤੇ ਹਾਈਵੇ 99 ਇੰਟਰਚੇਂਜ ਰੈਂਪਾਂ ਦੇ ਡਿਜ਼ਾਇਨ, 16 ਐਵੇਨਿਊ ਦੇ ਸੁਧਾਰ, ਨਾਰਥ ਸਰੀ ਵਿੱਚ ਨਵੇਂ ਫੁੱਟਪਾਥ, ਡਰੇਨੇਜ ਅਤੇ ਵਾਤਾਵਰਣ ਸੰਬੰਧੀ ਪ੍ਰੋਜੈਕਟ, 140 ਸਟਰੀਟ ਸੜਕ ਸੁਧਾਰ ਅਤੇ ਨਿਊਟਨ ਸੈਨਿਟਰੀ ਟਰੰਕ ਅੱਪਗ੍ਰੇਡ ਵਰਗੇ ਮਹੱਤਵਪੂਰਨ ਕੰਮ ਸ਼ਾਮਲ ਹਨ। ਸਰੀ ਦੇ ਜਨਰਲ ਮੈਨੇਜਰ ਆਫ ਇੰਜੀਨੀਅਰਿੰਗ ਸਕਾਟ ਨਿਊਮੈਨ ਅਨੁਸਾਰ ਨਿਊਟਨ ਸੈਨਿਟਰੀ ਟਰੰਕ ਅੱਪਗ੍ਰੇਡ ਪ੍ਰੋਜੈਕਟ ਵਿੱਚ ਲਗਭਗ 2.5 ਕਿਲੋਮੀਟਰ ਲੰਬੇ ਸੀਵਰ ਢਾਂਚੇ ਦੀ ਵਿਸਥਾਰਤ ਡਿਜ਼ਾਇਨਿੰਗ ਅਤੇ ਫਲੋ ਡਾਈਵਰਸ਼ਨ ਕੰਮ ਸ਼ਾਮਲ ਹਨ। ਇਸ ਪ੍ਰੋਜੈਕਟ ਦੀ ਕੁੱਲ ਪੂੰਜੀ ਲਾਗਤ ਕਰੀਬ 14 ਮਿਲੀਅਨ ਡਾਲਰ ਅੰਦਾਜ਼ੀ ਗਈ ਹੈ ਅਤੇ ਇਹ ਨਿਊਟਨ ਟਾਊਨ ਸੈਂਟਰ ਅਤੇ ਨਿਊਟਨ-ਕਿੰਗ ਜਾਰਜ ਬੁਲੇਵਾਰਡ ਖੇਤਰ ਵਿੱਚ ਹੋ ਰਹੇ ਵਿਕਾਸ ਨੂੰ ਸਮਰਥਨ ਦੇਵੇਗਾ। ਕੌਂਸਲ ਨੇ ਸਰੀ ਸਿਟੀ ਹਾਲ ਦੀ ਅੰਡਰਗ੍ਰਾਊਂਡ ਪਾਰਕੇਡ ਦੀ ਮੁਰੰਮਤ ਲਈ ਵੀ 8.15 ਲੱਖ ਡਾਲਰ ਤੋਂ ਵੱਧ ਦਾ ਠੇਕਾ ਮਨਜ਼ੂਰ ਕੀਤਾ ਹੈ। 2013 ਵਿੱਚ ਬਣੀ ਇਸ ਪਾਰਕੇਡ ਦੇ ਕੰਕਰੀਟ ਹਿੱਸਿਆਂ ਅਤੇ ਸੁਰੱਖਿਆ ਕੋਟਿੰਗ ਵਿੱਚ ਸਮੇਂ ਦੇ ਨਾਲ ਆਏ ਘਿਸਾਅ ਨੂੰ ਠੀਕ ਕੀਤਾ ਜਾਵੇਗਾ। ਕੰਮ ਜੁਲਾਈ ਵਿੱਚ ਸ਼ੁਰੂ ਹੋਣ ਅਤੇ ਨਵੰਬਰ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਸ਼ਹਿਰ ਦਾ ਕਹਿਣਾ ਹੈ ਕਿ ਇਹ ਸਾਰੇ ਪ੍ਰੋਜੈਕਟ ਆਵਾਜਾਈ, ਸੜਕ ਸੁਰੱਖਿਆ, ਪਾਣੀ ਅਤੇ ਸੀਵਰ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨਗੇ।

ਇਸ ਲੇਖ ਨੂੰ ਸਾਂਝਾ ਕਰੋ: