ਬੀ.ਸੀ. ਸਰਕਾਰ ਵੱਲੋਂ ਇਰਾਨ ਜੰਗ ਦੇ ਆਰਥਿਕ ਪ੍ਰਭਾਵਾਂ ਲਈ ਟਾਸਕ ਫੋਰਸ ਦਾ ਐਲਾਨ

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਪ੍ਰਾਂਤ ਨੇ ਇਰਾਨ ਵਿੱਚ ਚੱਲ ਰਹੀ ਜੰਗ ਦੇ ਬੀ.ਸੀ. ‘ਤੇ ਪੈਣ ਵਾਲੇ ਪ੍ਰਭਾਵਾਂ ਦੀ ਨਿਗਰਾਨੀ ਲਈ ਇੱਕ ਕ੍ਰਾਸ-ਗਵਰਨਮੈਂਟ ਟਾਸਕ ਫੋਰਸ ਬਣਾਈ ਹੈ।

ਵਿਧਾਨ ਸਭਾ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਐਬੀ ਅਤੇ ਜਾਬਜ਼ ਮੰਤਰੀ ਰਵੀ ਕਾਹਲੋਨ ਨੇ ਕਿਹਾ ਕਿ ਇਹ ਪੈਨਲ ਇਸ ਹਫ਼ਤੇ ਮਿਲ ਕੇ ਆਰਥਿਕ ਦਬਾਅ ਵਾਲੇ ਖੇਤਰਾਂ ਦੀ ਪਛਾਣ ਕਰੇਗਾ ਅਤੇ ਸੰਭਾਵਿਤ ਹੱਲਾਂ ‘ਤੇ ਚਰਚਾ ਕਰੇਗਾ।

ਐਬੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਹੈ ਕਿ ਕਿੱਥੇ ਸਪਲਾਈ ਚੇਨ ਵਿੱਚ ਰੁਕਾਵਟਾਂ ਅਤੇ “ਚੋਕ ਪੁਆਇੰਟਸ” ਪੈਦਾ ਹੋ ਰਹੇ ਹਨ, ਉਨ੍ਹਾਂ ਨੂੰ ਸਮਝ ਕੇ ਵੱਖ-ਵੱਖ ਉਦਯੋਗਿਕ ਨੇਤਾਵਾਂ ਅਤੇ ਅੰਤਰਰਾਸ਼ਟਰੀ ਭਾਗੀਦਾਰਾਂ ਨਾਲ ਮਿਲ ਕੇ ਹੱਲ ਲੱਭੇ ਜਾਣ।

ਜਾਬਜ਼ ਮੰਤਰੀ ਰਵੀ ਕਾਹਲੋਨ ਨੇ ਚੇਤਾਵਨੀ ਦਿੱਤੀ ਕਿ ਮੱਧ ਪੂਰਬ ਦਾ ਸੰਘਰਸ਼ ਸਿਰਫ਼ ਤੇਲ ਆਵਾਜਾਈ ਤੱਕ ਸੀਮਿਤ ਨਹੀਂ ਰਹਿ ਗਿਆ, ਬਲਕਿ ਸਿਹਤ, ਖੇਤੀਬਾੜੀ, ਊਰਜਾ ਅਤੇ ਟ੍ਰਾਂਸਪੋਰਟ ਵਰਗੇ ਖੇਤਰਾਂ ਦੀ ਸਪਲਾਈ ਚੇਨ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।

ਉਨ੍ਹਾਂ ਮੁਤਾਬਕ ਦੁਨੀਆ ਦੇ 40 ਫੀਸਦੀ ਹੀਲਿਅਮ ਅਤੇ ਖਾਦ, ਅਤੇ ਲਗਭਗ 10 ਫੀਸਦੀ ਐਲੂਮੀਨੀਅਮ ਸਪਲਾਈ ‘ਤੇ ਦਬਾਅ ਵੱਧ ਰਿਹਾ ਹੈ, ਜਿਸ ਦਾ ਅਸਰ ਖੁਰਾਕ ਅਤੇ ਜ਼ਰੂਰੀ ਦਵਾਈਆਂ ਤੱਕ ਪਹੁੰਚ ‘ਤੇ ਵੀ ਪੈ ਸਕਦਾ ਹੈ।

ਦੋਵੇਂ ਨੇਤਾਵਾਂ ਨੇ ਕਿਹਾ ਕਿ ਜੰਗ ਜਲਦੀ ਖਤਮ ਹੋਣੀ ਚਾਹੀਦੀ ਹੈ, ਪਰ ਇਸ ਦੌਰਾਨ ਪ੍ਰਾਂਤ ਅਤੇ ਕੇਂਦਰ ਸਰਕਾਰਾਂ ਨੂੰ ਮਿਲ ਕੇ ਤੁਰੰਤ ਕਾਰਵਾਈ ਅਤੇ ਆਰਥਿਕ ਸੁਰੱਖਿਆ ਲਈ ਤਾਲਮੇਲ ਬਣਾਉਣ ਦੀ ਲੋੜ ਹੈ।

ਇਸ ਲੇਖ ਨੂੰ ਸਾਂਝਾ ਕਰੋ: