ਮਾਰਕ ਕਾਰਨੀ ਦੀ ਬਹੁਮਤ ਸਰਕਾਰ ਦੀ ਸ਼ੁਰੂਆਤ, ਲਿਬਰਲ ਪਾਰਟੀ ਲਈ ਨਵਾਂ ਰਾਜਨੀਤਿਕ ਦੌਰ
ਕੈਨੇਡਾ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਆਪਣੀ ਨਵੀਂ ਬਹੁਮਤ ਸਰਕਾਰ ਨਾਲ ਪਾਰਲੀਮੈਂਟ ਹਿੱਲ ਪਹੁੰਚ ਰਹੇ ਹਨ, ਜਿੱਥੇ ਫੈਡਰਲ ਲਿਬਰਲ ਪਾਰਟੀ ਇੱਕ ਨਵੇਂ ਰਾਜਨੀਤਿਕ ਦੌਰ ਵਿੱਚ ਦਾਖਲ ਹੋ ਗਈ ਹੈ। ਸੋਮਵਾਰ ਨੂੰ ਹੋਈਆਂ ਤਿੰਨ ਬਾਈਇਲੈਕਸ਼ਨਾਂ ਵਿੱਚ ਸਾਰੀਆਂ ਸੀਟਾਂ ਜਿੱਤਣ ਤੋਂ ਬਾਅਦ ਲਿਬਰਲਾਂ ਸੀਟਾਂ ਦੀ ਕੁੱਲ ਗਿਣਤੀ 174 ਹੋ ਗਈ ਹੈ, ਜੋ ਬਹੁਮਤ ਲਈ ਲੋੜੀਂਦੀ ਗਿਣਤੀ ਤੋਂ ਵੱਧ ਹੈ।
ਟੋਰਾਂਟੋ ਦੀਆਂ ਯੂਨੀਵਰਸਿਟੀ—ਰੋਜ਼ਡੇਲ ਅਤੇ ਸਕਾਰਬਰੋ ਸਾਊਥਵੈਸਟ ਸੀਟਾਂ ‘ਤੇ ਲਿਬਰਲਾਂ ਨੇ ਆਪਣੀ ਪਕੜ ਬਰਕਰਾਰ ਰੱਖੀ, ਜਦਕਿ ਕਿਊਬੈਕ ਦੇ ਟੇਰੇਬੋਨ ਵਿੱਚ ਵੀ ਉਹਨਾਂ ਨੇ ਜਿੱਤ ਦਰਜ ਕੀਤੀ। ਹੁਣ ਹਾਊਸ ਆਫ ਕਾਮਨਜ਼ ਵਿੱਚ ਕਨਜ਼ਰਵੇਟਿਵ ਪਾਰਟੀ ਕੋਲ 140, ਬਲਾਕ ਕਿਊਬੇਕਵਾ ਕੋਲ 22, ਐਨਡੀਪੀ ਕੋਲ 6 ਅਤੇ ਗ੍ਰੀਨ ਪਾਰਟੀ ਕੋਲ 1 ਸੀਟ ਹੈ। ਮਾਹਿਰਾਂ ਦੇ ਅਨੁਸਾਰ ਬਹੁਮਤ ਸਰਕਾਰ ਬਣਨ ਨਾਲ ਲਿਬਰਲਾਂ ਲਈ ਕਾਨੂੰਨ ਪਾਸ ਕਰਨਾ ਆਸਾਨ ਹੋ ਜਾਵੇਗਾ ਅਤੇ ਉਹ ਪਾਰਲੀਮੈਂਟ ਦੀਆਂ ਕਮੇਟੀਆਂ ‘ਤੇ ਵੀ ਵੱਧ ਕੰਟਰੋਲ ਹਾਸਲ ਕਰ ਸਕਦੇ ਹਨ। ਇਸ ਨਾਲ ਸਰਕਾਰ ਆਪਣੀ ਨੀਤੀ ਅਜੰਡੇ ਨੂੰ ਤੇਜ਼ੀ ਨਾਲ ਅੱਗੇ ਵਧਾ ਸਕਦੀ ਹੈ, ਹਾਲਾਂਕਿ ਇਸ ਨਾਲ ਵਿਰੋਧੀ ਪਾਰਟੀਆਂ ਨਾਲ ਟਕਰਾਅ ਵੀ ਵੱਧ ਸਕਦਾ ਹੈ। ਵਿਰੋਧੀ ਨੇਤਾ ਪੀਅਰ ਪੋਇਲੀਏਵ ਨੇ ਲਿਬਰਲਾਂ ਦੀ ਬਹੁਮਤ ਨੂੰ “ਬੈਕਰੂਮ ਡੀਲਾਂ” ਦਾ ਨਤੀਜਾ ਕਰਾਰ ਦਿੱਤਾ ਹੈ, ਜਦਕਿ ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਸਰਕਾਰ ‘ਤੇ ਆਪਣੇ ਵਾਅਦੇ ਪੂਰੇ ਕਰਨ ਦਾ ਦਬਾਅ ਕਾਫ਼ੀ ਵੱਧ ਜਾਵੇਗਾ।
ਬਹੁਮਤ ਦੇ ਨਾਲ ਲਿਬਰਲ ਸਰਕਾਰ 2029 ਤੱਕ ਸੱਤਾ ਵਿੱਚ ਰਹਿ ਸਕਦੀ ਹੈ, ਹਾਲਾਂਕਿ ਜੇ ਕਾਰਨੀ ਚਾਹੁਣ ਤਾਂ ਇਸ ਤੋਂ ਪਹਿਲਾਂ ਵੀ ਚੋਣਾਂ ਕਰਵਾ ਸਕਦੇ ਹਨ।