ਬੀ.ਸੀ. ਵਿੱਚ ਪਾਲਤੂ ਜਾਨਵਰਾਂ ‘ਤੇ ਪਾਬੰਦੀ ਖਤਮ ਕਰਨ ਦੀ ਮੰਗ, ਚੈਰਿਟੀਆਂ ਨੇ ਸਰਕਾਰ ਤੋਂ ਵਾਅਦਾ ਪੂਰਾ ਕਰਨ ਦੀ ਅਪੀਲ ਕੀਤੀ
ਬ੍ਰਿਟਿਸ਼ ਕੋਲੰਬੀਆ ਦੀਆਂ ਦੋ ਚੈਰਿਟੀ ਸੰਸਥਾਵਾਂ ਨੇ ਪ੍ਰੀਮੀਅਰ ਡੇਵਿਡ ਈਬੀ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਰਾਏ ਦੇ ਘਰਾਂ ਵਿੱਚ “ਨੋ-ਪੈਟ ਕਲਾਜ਼” (ਪਾਲਤੂ ਜਾਨਵਰਾਂ ‘ਤੇ ਪਾਬੰਦੀ) ਨੂੰ ਖਤਮ ਕਰਨ ਦਾ ਚੋਣਾਂ ਦਾ ਵਾਅਦਾ ਪੂਰਾ ਕੀਤਾ ਜਾਵੇ। First United ਅਤੇ BC SPCA ਦਾ ਕਹਿਣਾ ਹੈ ਕਿ ਇਹ ਪਾਬੰਦੀਆਂ ਨਾ ਸਿਰਫ਼ ਲੋਕਾਂ ਲਈ ਰਿਹਾਇਸ਼ੀ ਸੰਕਟ ਵਧਾ ਰਹੀਆਂ ਹਨ, ਸਗੋਂ ਕਈ ਕਮਜ਼ੋਰ ਵਰਗਾਂ ਨੂੰ ਬੇਘਰ ਹੋਣ ਵੱਲ ਧੱਕ ਰਹੀਆਂ ਹਨ। ਸੰਸਥਾਵਾਂ ਮੁਤਾਬਕ 2014 ਤੋਂ ਹੁਣ ਤੱਕ 12,000 ਤੋਂ ਵੱਧ ਜਾਨਵਰ SPCA ਦੀ ਦੇਖਭਾਲ ਵਿੱਚ ਆ ਚੁੱਕੇ ਹਨ ਕਿਉਂਕਿ ਮਾਲਕਾਂ ਨੂੰ ਕਿਰਾਏ ਦੇ ਘਰਾਂ ਵਿੱਚ ਉਨ੍ਹਾਂ ਨੂੰ ਰੱਖਣ ਦੀ ਆਗਿਆ ਨਹੀਂ ਮਿਲੀ।
BC SPCA ਦੀ ਮੀਡੀਆ ਅਤੇ ਅੰਦਰੂਨੀ ਸੰਚਾਰ ਦੀ ਸੀਨੀਅਰ ਡਾਇਰੈਕਟਰ ਕਾਇਲਾ ਵੁਲਫ਼ ਨੇ ਕਿਹਾ ਕਿ ਉਨ੍ਹਾਂ ਨੇ ਬਿਲਡਿੰਗ ਮੈਨੇਜਰਾਂ ਲਈ ਇੱਕ “ਪੈਟ ਹਾਊਸਿੰਗ ਟੂਲਕਿਟ” ਤਿਆਰ ਕੀਤਾ ਹੈ, ਜਿਸ ਦਾ ਮਕਸਦ ਪਾਲਤੂ ਜਾਨਵਰਾਂ ਲਈ ਸੁਰੱਖਿਅਤ ਨੀਤੀਆਂ ਬਣਾਉਣ ਵਿੱਚ ਮਦਦ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪ੍ਰਬੰਧਕਾਂ ਦੀਆਂ ਚਿੰਤਾਵਾਂ ਵੀ ਦੂਰ ਹੋ ਸਕਦੀਆਂ ਹਨ ਅਤੇ ਜਾਨਵਰਾਂ ਦੀ ਭਲਾਈ ਵੀ ਯਕੀਨੀ ਬਣਾਈ ਜਾ ਸਕਦੀ ਹੈ।
2024 ਦੀ ਚੋਣ ਮੁਹਿੰਮ ਦੌਰਾਨ ਬੀਸੀ ਐਨਡੀਪੀ ਨੇ ਕਿਰਾਏ ਦੇ ਘਰਾਂ ਵਿੱਚ ਪਾਲਤੂ ਜਾਨਵਰਾਂ ‘ਤੇ ਪਾਬੰਦੀ ਖਤਮ ਕਰਨ ਦਾ ਵਾਅਦਾ ਕੀਤਾ ਸੀ। ਸੰਸਥਾਵਾਂ ਨੇ ਹੁਣ ਸਰਕਾਰ ਨੂੰ ਇਸ ਵਾਅਦੇ ‘ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। First United ਦੀ ਐਗਜ਼ਿਕਿਊਟਿਵ ਡਾਇਰੈਕਟਰ ਅਮਾਂਡਾ ਬਰੋਜ਼ ਦਾ ਕਹਿਣਾ ਹੈ ਕਿ ਕਾਨੂੰਨ ਵਿੱਚ ਪਹਿਲਾਂ ਹੀ ਡੈਮੇਜ ਅਤੇ ਪੈਟ ਡਿਪਾਜ਼ਿਟ ਦੀਆਂ ਵਿਵਸਥਾਵਾਂ ਮੌਜੂਦ ਹਨ, ਜੋ ਜਾਨਵਰਾਂ ਨਾਲ ਹੋ ਸਕਦੇ ਨੁਕਸਾਨ ਨੂੰ ਕਵਰ ਕਰ ਸਕਦੀਆਂ ਹਨ। ਉਨ੍ਹਾਂ ਦੇ ਅਨੁਸਾਰ, 83 ਫੀਸਦੀ ਮਾਮਲਿਆਂ ਵਿੱਚ ਪੈਟ ਡਿਪਾਜ਼ਿਟ ਹੀ ਨੁਕਸਾਨ ਪੂਰਾ ਕਰ ਦਿੰਦਾ ਹੈ।