ਕੈਨੇਡਾ–ਅਮਰੀਕਾ ਵਪਾਰ ਤਣਾਅ ਵਧਿਆ, ਸਟੀਲ ਤੇ ਐਲੂਮੀਨੀਅਮ ਟੈਰਿਫ਼ ਮੁੱਖ ਮੁੱਦੇ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਅਮਰੀਕਾ ਨਾਲ ਵਪਾਰਕ ਰਿਸ਼ਤਿਆਂ ਵਿੱਚ ਕਈ “ਟਰੇਡ ਇਰੀਟੈਂਟਸ” ਮੌਜੂਦ ਹਨ, ਖਾਸ ਕਰਕੇ ਸਟੀਲ ਅਤੇ ਐਲੂਮੀਨੀਅਮ ‘ਤੇ ਲਗਾਏ ਗਏ ਉੱਚ ਟੈਰਿਫ਼। ਵੀਰਵਾਰ ਨੂੰ ਓਟਾਵਾ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਕਾਰਨੀ ਨੇ ਕਿਹਾ ਕਿ ਅਮਰੀਕਾ ਵੱਲੋਂ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ‘ਤੇ 50 ਫੀਸਦੀ ਟੈਰਿਫ਼ ਲਗਾਇਆ ਗਿਆ ਹੈ, ਜੋ ਕਿ ਵਪਾਰ ਸਮਝੌਤੇ ਦੀ ਉਲੰਘਣਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਆਟੋਮੋਬਾਈਲ ਉਦਯੋਗ ਅਤੇ ਫਾਰੈਸਟ ਪ੍ਰੋਡਕਟਸ ‘ਤੇ ਲੱਗ ਰਹੇ ਅਮਰੀਕੀ ਟੈਰਿਫ਼ ਵੀ ਗੰਭੀਰ ਚਿੰਤਾ ਦਾ ਵਿਸ਼ਾ ਹਨ। ਕਾਰਨੀ ਦੇ ਅਨੁਸਾਰ ਇਹ ਸਿਰਫ਼ ਛੋਟੇ “ਇਰੀਟੈਂਟਸ” ਨਹੀਂ, ਬਲਕਿ ਮੌਜੂਦਾ ਵਪਾਰ ਸਮਝੌਤੇ ਦੀ ਉਲੰਘਣਾ ਹਨ, ਜਿਨ੍ਹਾਂ ਨੂੰ ਹੱਲ ਕਰਨਾ ਜ਼ਰੂਰੀ ਹੈ।
ਕਾਰਨੀ ਨੇ ਸਪਸ਼ਟ ਕੀਤਾ ਕਿ ਦੋਵਾਂ ਪੱਖਾਂ ਕੋਲ ਆਪਣੇ-ਆਪਣੇ ਵਪਾਰਕ ਮੁੱਦੇ ਹਨ ਅਤੇ ਇਹ ਗੱਲਬਾਤ ਰਾਹੀਂ ਹੀ ਹੱਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਕਿਸੇ ਵੀ ਤਰ੍ਹਾਂ ਅਮਰੀਕਾ ਦੇ ਹੁਕਮਾਂ ‘ਤੇ ਨਹੀਂ ਚੱਲ ਰਿਹਾ ਅਤੇ ਇਹ ਇੱਕ ਬਰਾਬਰੀ ਵਾਲੀ ਗੱਲਬਾਤ ਹੈ।
ਇਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਅਮਰੀਕੀ ਸ਼ਰਾਬ ‘ਤੇ ਲਗਾਈ ਪਾਬੰਦੀ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਜਦ ਤੱਕ ਅਮਰੀਕਾ ਆਪਣੇ ਟੈਰਿਫ਼ ਨਹੀਂ ਹਟਾਉਂਦਾ, ਤਦ ਤੱਕ ਇਹ ਪਾਬੰਦੀ ਜਾਰੀ ਰਹੇਗੀ। CUSMA ਸਮਝੌਤੇ ਦੀ ਸਮੀਖਿਆ ਦੀ ਅੰਤਿਮ ਮਿਆਦ ਨਜ਼ਦੀਕ ਆਉਣ ਨਾਲ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ।