ਟਰੰਪ ਵੱਲੋਂ ਇਰਾਨੀ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਉਣ ਦੇ ਹੁਕਮ, ਹੋਰ ਵਧਿਆ ਹੋਰਮੁਜ਼ ਸਟ੍ਰੇਟ ਤਣਾਅ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਅਮਰੀਕੀ ਫੌਜ ਨੂੰ ਹੁਕਮ ਦਿੱਤਾ ਹੈ ਕਿ ਜੇਕਰ ਇਰਾਨੀ ਛੋਟੀਆਂ ਕਿਸ਼ਤੀਆਂ ਹੋਰਮੁਜ਼ ਸਟ੍ਰੇਟ ਵਿੱਚ ਮਾਈਨ ਲਗਾ ਕੇ ਜਹਾਜ਼ੀ ਆਵਾਜਾਈ ਨੂੰ ਰੋਕਣ ਦੀ ਕੋਸ਼ਿਸ਼ ਕਰਨ, ਤਾਂ ਉਨ੍ਹਾਂ ਨੂੰ “ਗੋਲੀ ਮਾਰ ਕੇ ਖਤਮ” ਕੀਤਾ ਜਾਵੇ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਕਿਹਾ ਕਿ ਇਸ ਕਾਰਵਾਈ ਵਿੱਚ ਕੋਈ ਹਿਚਕ ਨਹੀਂ ਹੋਣੀ ਚਾਹੀਦੀ ਅਤੇ ਨੇਵੀ ਨੂੰ ਮਾਈਨ ਸਵੀਪਿੰਗ ਕਾਰਵਾਈ ਤਿੰਨ ਗੁਣਾ ਤੇਜ਼ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।

ਇਹ ਬਿਆਨ ਉਸ ਸਮੇਂ ਆਇਆ ਜਦੋਂ ਅਮਰੀਕੀ ਫੌਜ ਨੇ ਇਰਾਨੀ ਤੇਲ ਦੀ ਤਸਕਰੀ ਨਾਲ ਜੁੜੇ ਇੱਕ ਹੋਰ ਟੈਂਕਰ ਨੂੰ ਕਬਜ਼ੇ ਵਿੱਚ ਲਿਆ। ਇਸ ਨਾਲ GULF ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ, ਕਿਉਂਕਿ ਹੋਰਮੁਜ਼ ਸਟ੍ਰੇਟ ਰਾਹੀਂ ਦੁਨੀਆ ਦੇ ਲਗਭਗ 20 ਫੀਸਦੀ ਤੇਲ ਅਤੇ ਗੈਸ ਦੀ ਆਵਾਜਾਈ ਹੁੰਦੀ ਹੈ।

ਇਸ ਤੋਂ ਇਕ ਦਿਨ ਪਹਿਲਾਂ ਇਰਾਨ ਦੇ ਰਿਵੋਲੂਸ਼ਨਰੀ ਗਾਰਡ ਨੇ ਤਿੰਨ ਕਾਰਗੋ ਜਹਾਜ਼ਾਂ ‘ਤੇ ਹਮਲਾ ਕਰਦੇ ਹੋਏ ਦੋ ਜਹਾਜ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਸੀ। ਅਮਰੀਕੀ ਰੱਖਿਆ ਵਿਭਾਗ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਫੌਜ ਨੂੰ ਇੱਕ ਟੈਂਕਰ ‘ਤੇ ਕਾਰਵਾਈ ਕਰਦੇ ਵੇਖਿਆ ਜਾ ਸਕਦਾ ਹੈ। ਪੈਂਟਾਗਨ ਨੇ ਕਿਹਾ ਹੈ ਕਿ ਉਹ ਇਰਾਨ ਨੂੰ ਸਹਾਇਤਾ ਕਰਨ ਵਾਲੇ ਗੈਰਕਾਨੂੰਨੀ ਨੈੱਟਵਰਕਾਂ ਦੇ ਖ਼ਿਲਾਫ਼ ਕਾਰਵਾਈ ਜਾਰੀ ਰੱਖੇਗਾ।


ਇਸ ਲੇਖ ਨੂੰ ਸਾਂਝਾ ਕਰੋ: