ਕੈਲਗਰੀ ਕਤਲ ਮਾਮਲੇ ‘ਚ ਵਾਂਟਡ ਮੁਲਜ਼ਮ ਅਬਟਸਫੋਰਡ ਤੋਂ ਗ੍ਰਿਫ਼ਤਾਰ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਮੰਗਲਵਾਰ ਨੂੰ ਅਬਟਸਫੋਰਡ ਤੋਂ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕੈਲਗਰੀ ਵਿੱਚ ਹੋਏ ਕਤਲ ਮਾਮਲੇ ਵਿੱਚ ਕੈਨੇਡਾ ਭਰ ਵਿੱਚ ਵਾਂਟਡ ਸੀ। ਕਾਂਬਾਈਨਡ ਫੋਰਸਿਜ਼ ਸਪੈਸ਼ਲ ਐਨਫੋਰਸਮੈਂਟ ਯੂਨਿਟ (CFSEU-BC) ਨੇ ਇਸਨੂੰ “ਹਾਈ-ਰਿਸਕ ਟੇਕਡਾਊਨ” ਕਰਾਰ ਦਿੰਦਿਆਂ ਦੱਸਿਆ ਕਿ ਕਾਰਵਾਈ ਦੁਪਹਿਰ ਕਰੀਬ 1 ਵਜੇ ਤੋਂ ਪਹਿਲਾਂ ਕੀਤੀ ਗਈ। ਹਾਲਾਂਕਿ ਗ੍ਰਿਫ਼ਤਾਰੀ ਦੀ ਠੀਕ ਥਾਂ ਅਤੇ ਮੁਲਜ਼ਮ ਦੀ ਪਹਿਚਾਣ ਜਾਹਿਰ ਨਹੀਂ ਕੀਤੀ ਗਈ ।

ਕੈਲਗਰੀ ਪੁਲਿਸ ਨੇ ਵੀ ਇੱਕ ਬਿਆਨ ਜਾਰੀ ਕਰਦਿਆਂ ਪੁਸ਼ਟੀ ਕੀਤੀ ਕਿ ਬੀ.ਸੀ. RCMP ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਉਨ੍ਹਾਂ ਦੇ ਚੱਲ ਰਹੇ ਕਤਲ ਮਾਮਲੇ ਨਾਲ ਸੰਬੰਧਿਤ ਹੈ, ਪਰ ਜਾਂਚ ਜਾਰੀ ਹੋਣ ਕਾਰਨ ਹੋਰ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਿਸ ਮੁਤਾਬਕ ਇਹ ਕਾਰਵਾਈ ਇੰਟੈਲੀਜੈਂਸ ਦੇ ਆਧਾਰ ‘ਤੇ ਕੀਤੀ ਗਈ, ਜਿਸ ਤੋਂ ਪਤਾ ਲੱਗਿਆ ਸੀ ਕਿ ਸ਼ੱਕੀ ਪਹਿਲਾਂ ਵੀ ਗ੍ਰਿਫ਼ਤਾਰੀ ਤੋਂ ਬਚ ਚੁੱਕਾ ਹੈ ਅਤੇ ਲੋਅਰ ਮੈਨਲੈਂਡ ਛੱਡਣ ਦੀ ਤਿਆਰੀ ਕਰ ਰਿਹਾ ਸੀ।

ਯੂਨੀਫਾਰਮ ਗੈਂਗ ਐਨਫੋਰਸਮੈਂਟ ਟੀਮ ਨੇ ਇੰਟੀਗ੍ਰੇਟਡ ਪੁਲਿਸ ਡਾਗ ਸਰਵਿਸ ਦੀ ਮਦਦ ਨਾਲ ਕਾਰਵਾਈ ਕੀਤੀ। ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਸੁਰੱਖਿਅਤ ਤਰੀਕੇ ਨਾਲ ਕਾਬੂ ਕਰ ਲਿਆ ਗਿਆ। ਬਾਅਦ ਵਿੱਚ ਉਸਨੂੰ ਕੈਲਗਰੀ ਪੁਲਿਸ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ।


ਇਸ ਲੇਖ ਨੂੰ ਸਾਂਝਾ ਕਰੋ: