ਮਾਰਕ ਕਾਰਨੀ ਵੱਲੋਂ “ਕੈਨੇਡਾ ਸਟਰਾਂਗ ਫੰਡ” ਦਾ ਐਲਾਨ — ਦੇਸ਼ ਦਾ ਪਹਿਲਾ ਸੋਵਰਨ ਵੈਲਥ ਫੰਡ
ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੈਨੇਡਾ ਦਾ ਪਹਿਲਾ ਸੋਵਰਨ ਵੈਲਥ ਫੰਡ ਐਲਾਨਣ ਦੀ ਤਿਆਰੀ ਕੀਤੀ ਜਾ ਰਹੀ ਹੈ। “ਕੈਨੇਡਾ ਸਟਰਾਂਗ ਫੰਡ” ਨਾਮ ਦੇ ਇਸ ਫੰਡ ਦਾ ਸਰਕਾਰੀ ਐਲਾਨ ਸੋਮਵਾਰ ਸਵੇਰੇ ਓਟਾਵਾ ਵਿੱਚ ਕੀਤੇ ਜਾਣ ਦੀ ਉਮੀਦ ਹੈ।
ਯੂਟਿਊਬ ‘ਤੇ ਜਾਰੀ ਕੀਤੀ ਵੀਡੀਓ ਵਿੱਚ ਕਾਰਨੀ ਨੇ ਕਿਹਾ ਕਿ ਇਹ ਫੰਡ ਕੈਨੇਡਾ ਦੀ ਭਵਿੱਖੀ ਆਰਥਿਕ ਤਾਕਤ ਨੂੰ ਮਜ਼ਬੂਤ ਕਰਨ ਲਈ ਬਣਾਇਆ ਜਾ ਰਿਹਾ ਹੈ। ਸੋਵਰਨ ਵੈਲਥ ਫੰਡ ਇੱਕ ਸਰਕਾਰੀ ਨਿਵੇਸ਼ ਫੰਡ ਹੁੰਦਾ ਹੈ ਜੋ ਦੇਸ਼ ਦੇ ਵਾਧੂ ਰਿਜ਼ਰਵ ਪੈਸੇ ਨੂੰ ਸਟਾਕ, ਬਾਂਡ ਅਤੇ ਹੋਰ ਨਿਵੇਸ਼ਾਂ ਵਿੱਚ ਲਗਾਉਂਦਾ ਹੈ। ਸਰੋਤਾਂ ਮੁਤਾਬਕ, ਇਸ ਫੰਡ ਦੀ ਸ਼ੁਰੂਆਤ ਫੈਡਰਲ ਸਰਕਾਰ ਵੱਲੋਂ ਮੁੱਢਲੇ ਨਿਵੇਸ਼ ਨਾਲ ਕੀਤੀ ਜਾਵੇਗੀ ਅਤੇ ਇਸ ਵਿੱਚ ਕੈਨੇਡੀਅਨ ਕੰਪਨੀਆਂ, ਨਿਵੇਸ਼ਕਾਂ ਅਤੇ ਆਮ ਲੋਕਾਂ ਨੂੰ ਵੀ ਹਿੱਸਾ ਲੈਣ ਦਾ ਮੌਕਾ ਮਿਲੇਗਾ।
ਇਸ ਫੰਡ ਦਾ ਮਕਸਦ ਮੌਜੂਦਾ ਸੰਸਥਾਵਾਂ ਜਿਵੇਂ ਕਿ ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕੈਨੇਡਾ ਦੇ ਕੰਮ ਨੂੰ ਹੋਰ ਤੇਜ਼ ਕਰਨਾ ਅਤੇ ਵੱਡੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣਾ ਹੈ। ਇਸ ਨਾਲ ਕੈਨੇਡੀਅਨਾਂ ਨੂੰ ਦੇਸ਼ ਦੀ ਆਰਥਿਕ ਤਰੱਕੀ ਵਿੱਚ ਸਿੱਧਾ ਹਿੱਸਾ ਮਿਲੇਗਾ।
ਇਹ ਐਲਾਨ ਉਸ ਵੇਲੇ ਹੋ ਰਿਹਾ ਹੈ ਜਦੋਂ ਵਿੱਤ ਮੰਤਰੀ ਫਰਾਂਸਵਾ-ਫਿਲਿਪ ਸ਼ੈਂਪੇਨ ਮੰਗਲਵਾਰ ਨੂੰ ਸਰਕਾਰ ਦਾ ਸਪ੍ਰਿੰਗ ਆਰਥਿਕ ਅਪਡੇਟ ਪੇਸ਼ ਕਰਨ ਜਾ ਰਹੇ ਹਨ। ਸਰਕਾਰੀ ਸਰੋਤਾਂ ਦੇ ਅਨੁਸਾਰ, ਘਾਟਾ (deficit) ਪਿਛਲੇ ਅਨੁਮਾਨਾਂ ਨਾਲੋਂ ਘੱਟ ਹੋ ਸਕਦਾ ਹੈ, ਜਿਸ ਦਾ ਕਾਰਨ ਮਹਿੰਗਾਈ ਅਤੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਆਉਣ ਵਾਲੀ ਵਾਧੂ ਆਮਦਨ ਹੈ।