ਟਰੰਪ ਨੂੰ ਨਿਸ਼ਾਨਾ ਬਣਾਉਂਦਿਆਂ ਹਮਲੇ ਦੀ ਕੋਸ਼ਿਸ਼ ਨਾਕਾਮ — ਵਾਸ਼ਿੰਗਟਨ ਹੋਟਲ ਵਿੱਚ ਗੋਲੀਬਾਰੀ ਨਾਲ ਹੜਕੰਪ
ਅਮਰੀਕਾ ਵਿੱਚ ਰਾਜਨੀਤਿਕ ਤਣਾਅ ਦੇ ਦਰਮਿਆਨ ਇੱਕ ਹੋਰ ਵੱਡੀ ਸੁਰੱਖਿਆ ਘਟਨਾ ਸਾਹਮਣੇ ਆਈ ਹੈ, ਜਿੱਥੇ ਕੈਲੀਫੋਰਨੀਆ ਦੇ ਇੱਕ ਵਿਅਕਤੀ ਨੇ ਵਾਸ਼ਿੰਗਟਨ ਦੇ ਹੋਟਲ ਵਿੱਚ ਹੋ ਰਹੇ ਗਾਲਾ ਡਿਨਰ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਸ਼ਨੀਵਾਰ ਰਾਤ ਵਾਪਰੀ ਇਸ ਘਟਨਾ ਦੌਰਾਨ ਸ਼ੱਕੀ ਹਮਲਾਵਰ ਸੁਰੱਖਿਆ ਚੈਕਪੋਇੰਟ ਪਾਰ ਕਰਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸੀਕਰਟ ਸਰਵਿਸ ਏਜੰਟਾਂ ਨਾਲ ਹੋਈ ਗੋਲੀਬਾਰੀ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ।
ਟਰੰਪ ਨੂੰ ਤੁਰੰਤ ਸੁਰੱਖਿਅਤ ਢੰਗ ਨਾਲ ਹਾਲ ਤੋਂ ਬਾਹਰ ਲਿਜਾਇਆ ਗਿਆ। ਸਮਾਗਮ ਵਿੱਚ ਉਸ ਵੇਲੇ ਫਸਟ ਲੇਡੀ ਮੇਲਾਨੀਆ ਟਰੰਪ, ਉਪ-ਰਾਸ਼ਟਰਪਤੀ ਜੇ.ਡੀ. ਵੈਂਸ, ਕੈਬਿਨੇਟ ਮੈਂਬਰ ਅਤੇ ਸੈਂਕੜੇ ਮਹਿਮਾਨ ਮੌਜੂਦ ਸਨ। ਰਿਪੋਰਟਾਂ ਮੁਤਾਬਕ, ਹਮਲਾਵਰ ਕੋਲ ਸ਼ਾਟਗਨ, ਹੈਂਡਗਨ ਅਤੇ ਚਾਕੂ ਵੀ ਸਨ। ਘਟਨਾ ਦੌਰਾਨ ਇੱਕ ਸੁਰੱਖਿਆ ਅਧਿਕਾਰੀ ਨੂੰ ਨਜ਼ਦੀਕੋਂ ਗੋਲੀ ਲੱਗੀ, ਪਰ ਉਹ ਗੰਭੀਰ ਜ਼ਖ਼ਮੀ ਨਹੀਂ ਹੋਇਆ। ਪ੍ਰਾਰੰਭਿਕ ਜਾਂਚ ਦੇ ਅਧਾਰ ‘ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰ ਦਾ ਮਕਸਦ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣਾ ਸੀ। ਉਸ ਦੀ ਪਹਿਚਾਣ 31 ਸਾਲਾ ਕੋਲ ਐਲਨ ਵਜੋਂ ਕੀਤੀ ਜਾ ਰਹੀ ਹੈ, ਜੋ ਇਸੇ ਹੋਟਲ ਵਿੱਚ ਰਹਿ ਰਿਹਾ ਸੀ।
ਟਰੰਪ ਨੇ ਕਿਹਾ ਕਿ ਹਮਲਾਵਰ ਨੇ ਇੱਕ “ਐਂਟੀ-ਕ੍ਰਿਸਚਨ ਮੈਨਿਫੈਸਟੋ” ਵੀ ਲਿਖਿਆ ਸੀ। ਉਨ੍ਹਾਂ ਦੇ ਮੁਤਾਬਕ ਇਹ ਵਿਅਕਤੀ “ਮਾਨਸਿਕ ਤੌਰ ‘ਤੇ ਬੀਮਾਰ” ਲੱਗਦਾ ਹੈ। ਇਹ ਪਿਛਲੇ ਦੋ ਸਾਲਾਂ ਵਿੱਚ ਟਰੰਪ ‘ਤੇ ਤੀਜੀ ਵਾਰ ਹਮਲੇ ਦੀ ਕੋਸ਼ਿਸ਼ ਦੱਸੀ ਜਾ ਰਹੀ ਹੈ, ਜਿਸ ਨਾਲ ਅਮਰੀਕਾ ਵਿੱਚ ਵਧ ਰਹੀ ਰਾਜਨੀਤਿਕ ਹਿੰਸਾ ਬਾਰੇ ਚਿੰਤਾ ਹੋਰ ਵਧ ਗਈ ਹੈ।