ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਜਿਉਂ ਦੀ ਤਿਉਂ ਰੱਖਣ ਦੀ ਸੰਭਾਵਨਾ — ਇਰਾਨ ਜੰਗ ਕਾਰਨ ਮਹਿੰਗਾਈ ‘ਤੇ ਨਜ਼ਰ
ਬੈਂਕ ਆਫ ਕੈਨੇਡਾ ਬੁੱਧਵਾਰ ਨੂੰ ਆਪਣੀ ਨਵੀਂ ਮੋਨਿਟਰੀ ਪਾਲਿਸੀ ਰਿਪੋਰਟ ਜਾਰੀ ਕਰੇਗਾ ਅਤੇ ਵਿਆਜ ਦਰਾਂ ਬਾਰੇ ਫੈਸਲਾ ਲਵੇਗਾ, ਜਿਸ ਵਿੱਚ ਇਰਾਨ ਜੰਗ ਦੇ ਕਾਰਨ ਵੱਧ ਰਹੇ price pressures ਬਾਰੇ ਵੀ ਜਾਣਕਾਰੀ ਮਿਲੇਗੀ।
ਮੌਜੂਦਾ ਸਮੇਂ ‘ਚ ਕੇਂਦਰੀ ਬੈਂਕ ਨੇ ਆਪਣੀ ਬੈਂਚਮਾਰਕ ਵਿਆਜ ਦਰ 2.25 ਫੀਸਦੀ ‘ਤੇ ਤਿੰਨ ਵਾਰ ਲਗਾਤਾਰ ਕਾਇਮ ਰੱਖੀ ਹੈ ਅਤੇ ਜ਼ਿਆਦਾਤਰ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਵਾਰ ਵੀ ਦਰਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਫਾਇਨੈਂਸ਼ਲ ਮਾਰਕੀਟ ਦੇ ਅਨੁਮਾਨ ਮੁਤਾਬਕ ਵੀ 93 ਫੀਸਦੀ ਤੋਂ ਵੱਧ ਸੰਭਾਵਨਾ ਹੈ ਕਿ ਦਰਾਂ ਫਿਲਹਾਲ ਸਥਿਰ ਰਹਿਣਗੀਆਂ। ਅਰਥਸ਼ਾਸਤਰੀਆਂ ਦੇ ਮੁਤਾਬਕ, ਇਰਾਨ ਜੰਗ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਮਹਿੰਗਾਈ ‘ਚ ਦੁਬਾਰਾ ਤੇਜ਼ੀ ਆ ਸਕਦੀ ਹੈ। ਸਟੈਟਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮਾਰਚ ਵਿੱਚ ਮਹਿੰਗਾਈ ਦਰ 2.4 ਫੀਸਦੀ ਤੱਕ ਪਹੁੰਚ ਗਈ, ਜੋ ਫਰਵਰੀ ਵਿੱਚ 1.8 ਫੀਸਦੀ ਸੀ। ਗਵਰਨਰ ਟਿਫ ਮੈਕਲਮ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਤੇਲ ਦੀਆਂ ਕੀਮਤਾਂ ਵਿੱਚ ਆਰੰਭਕ ਵਾਧੇ ਨੂੰ ਕੁਝ ਹੱਦ ਤੱਕ ਨਜ਼ਰਅੰਦਾਜ਼ ਕੀਤਾ ਜਾਵੇਗਾ, ਪਰ ਜੇ ਇਹ ਲੰਬੇ ਸਮੇਂ ਲਈ ਮਹਿੰਗਾਈ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਜੰਗ ਦੇ ਪ੍ਰਭਾਵ ਅਜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਏ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਚੀਜ਼ਾਂ ਦੀਆਂ ਕੀਮਤਾਂ ‘ਤੇ ਵੀ ਅਸਰ ਪੈ ਸਕਦਾ ਹੈ।