ਸਿਰਲੇਖ: ਸਰੀ ਨਿਊਟਨ ਵਿੱਚ ਡਰਾਈਵੇ ‘ਚ ਗੋਲੀਬਾਰੀ—ਇੱਕ ਮੌਤ, ਗੈਂਗ ਸੰਬੰਧਾਂ ਦੀ ਜਾਂਚ
ਸਰੀ ਦੇ ਨਿਊਟਨ ਇਲਾਕੇ ਵਿੱਚ ਮੰਗਲਵਾਰ ਸ਼ਾਮ ਇੱਕ ਘਰ ਦੇ ਡਰਾਈਵੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਤੋਂ ਬਾਅਦ ਹੌਮਿਸਾਈਡ ਜਾਂਚਕਾਰ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਸਰੀ ਪੁਲਿਸ ਮੁਤਾਬਕ ਕਰੀਬ 7 ਵਜੇ ਤੋਂ ਥੋੜ੍ਹਾ ਪਹਿਲਾਂ 148 ਸਟ੍ਰੀਟ ਦੇ 68a Ave ਦੇ ਨੇੜੇ ਇੱਕ ਵਾਹਨ ‘ਤੇ ਗੋਲੀਆਂ ਚਲਣ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚਣ ‘ਤੇ ਇੱਕ ਆਦਮੀ ਗੋਲੀ ਲੱਗਣ ਕਾਰਨ ਮ੍ਰਿਤ ਪਾਇਆ ਗਿਆ, ਜਦਕਿ ਦੂਜੇ ਵਿਅਕਤੀ ਨੂੰ ਹਲਕੀਆਂ ਸੱਟਾਂ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਸਿਲਵਰ ਰੰਗ ਦੀ ਕਾਰ ਦੇ ਪੈਸੇਂਜਰ ਸਾਈਡ ਤੋਂ ਬਾਹਰ ਲਟਕਦਾ ਮਿਲਿਆ ਅਤੇ ਨੇੜੇ ਜ਼ਮੀਨ ‘ਤੇ ਨਕਦੀ ਵੀ ਪਈ ਹੋਈ ਸੀ। ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦਿੰਦਾ ਹੈ ਕਿ ਇੱਕ ਕਾਲੀ ਕਾਰ ਨੇ ਵਾਹਨ ਨੂੰ ਡਰਾਈਵੇ ਵਿੱਚ ਰੋਕਿਆ, ਜਿਸ ਤੋਂ ਬਾਅਦ ਦੋ ਨਕਾਬਪੋਸ਼ ਹਮਲਾਵਰ ਬਾਹਰ ਆ ਕੇ ਗੋਲੀਆਂ ਚਲਾਉਂਦੇ ਹਨ ਅਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਪੁਲਿਸ ਦੇ ਅਨੁਸਾਰ ਪੀੜਤਾਂ ਦਾ ਉਸ ਘਰ ਨਾਲ ਕੋਈ ਸੰਬੰਧ ਨਹੀਂ ਸੀ ਜਿੱਥੇ ਇਹ ਘਟਨਾ ਵਾਪਰੀ। ਸੂਤਰਾਂ ਅਨੁਸਾਰ ਇਹ ਗੋਲੀਬਾਰੀ ਗੈਂਗ ਸੰਬੰਧਿਤ ਹੋ ਸਕਦੀ ਹੈ ਅਤੇ ਪੀੜਤਾਂ ਦੇ ਬਰਦਰਜ਼ ਕੀਪਰਜ਼ ਗੈਂਗ ਨਾਲ ਸੰਬੰਧ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਾਮਲੇ ਦੀ ਜਾਂਚ ਹੁਣ IHIT ਵੱਲੋਂ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਲੋਕਾਂ ਨੂੰ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ।