ਅਮਰੀਕਾ ਵਿੱਚ 68 ਸਾਲਾ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ, 16 ਸਾਲਾ ਮੁਲਜ਼ਮ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰਦਾ ਏਅਰਪੋਰਟ ਤੋਂ ਗ੍ਰਿਫ਼ਤਾਰ
ਅਮਰੀਕਾ ਦੇ ਨੌਰਥ ਕੈਰੋਲੀਨਾ ਸੂਬੇ ਤੋਂ ਇੱਕ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 68 ਸਾਲਾ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ 16 ਸਾਲਾ ਨੌਜਵਾਨ ਨੂੰ ਅਮਰੀਕਾ ਛੱਡ ਕੇ ਇਥੋਪੀਆ ਭੱਜਣ ਦੀ ਕੋਸ਼ਿਸ਼ ਕਰਦਿਆਂ ਵਾਸ਼ਿੰਗਟਨ ਦੇ ਡੁਲਸ ਇੰਟਰਨੈਸ਼ਨਲ ਏਅਰਪੋਰਟ ਤੋਂ ਕਾਬੂ ਕੀਤਾ ਗਿਆ।
ਜਾਣਕਾਰੀ ਮੁਤਾਬਕ ਇਹ ਘਟਨਾ 19 ਅਕਤੂਬਰ ਨੂੰ ਨੌਰਥ ਕੈਰੋਲੀਨਾ ਦੇ ਗੈਸਟੋਨੀਆ ਸ਼ਹਿਰ ਵਿੱਚ ਵਾਪਰੀ ਸੀ। 68 ਸਾਲਾ ਪਾਮੇਲਾ ਸ਼ੈਂਕਸ ਆਪਣੇ ਘਰ ਦੇ ਪਿਛਲੇ ਵਰਾਂਡੇ ਵਿੱਚ ਬੈਠੀ ਹੋਈ ਸੀ। ਇਸੇ ਦੌਰਾਨ ਉੱਥੇ ਗੋਲੀਬਾਰੀ ਹੋਈ ਅਤੇ ਇੱਕ ਗੋਲੀ ਪਾਮੇਲਾ ਨੂੰ ਲੱਗ ਗਈ। ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਪਾਮੇਲਾ ਇਸ ਗੋਲੀਬਾਰੀ ਦਾ ਨਿਸ਼ਾਨਾ ਨਹੀਂ ਸੀ, ਸਗੋਂ ਉਹ ਇੱਕ ਬੇਕਸੂਰ ਵਿਅਕਤੀ ਸੀ ਜੋ ਗੋਲੀਬਾਰੀ ਦੀ ਲਪੇਟ ਵਿੱਚ ਆ ਗਈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਕੁਝ ਨੌਜਵਾਨਾਂ ਨੂੰ ਘਟਨਾ ਵਾਲੀ ਥਾਂ ਤੋਂ ਭੱਜਦੇ ਹੋਏ ਦੇਖਿਆ ਸੀ।
ਇਸ ਮਾਮਲੇ ਦੀ ਜਾਂਚ ਕਰਦਿਆਂ ਪੁਲਿਸ ਨੇ 16 ਸਾਲਾ ਇੱਕ ਸ਼ੱਕੀ ਨੂੰ 23 ਅਕਤੂਬਰ ਨੂੰ ਵਾਸ਼ਿੰਗਟਨ ਦੇ ਡੁਲਸ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਮੁਤਾਬਕ ਉਹ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਜਾਣ ਵਾਲੀ ਫਲਾਈਟ ਵਿੱਚ ਸਵਾਰ ਹੋਣ ਦੀ ਤਿਆਰੀ ਕਰ ਰਿਹਾ ਸੀ। ਪਰ ਰੁਟੀਨ ਜਾਂਚ ਦੌਰਾਨ ਉਸ ਦੇ ਖ਼ਿਲਾਫ਼ ਜਾਰੀ ਗ੍ਰਿਫ਼ਤਾਰੀ ਵਾਰੰਟ ਸਾਹਮਣੇ ਆ ਗਿਆ ਅਤੇ ਕਸਟਮਜ਼ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਤੋਂ ਬਾਅਦ 27 ਅਕਤੂਬਰ ਨੂੰ ਪੁਲਿਸ ਨੇ ਦੂਜੇ 17 ਸਾਲਾ ਨਾਬਾਲਗ ਨੂੰ ਸਾਊਥ ਕੈਰੋਲੀਨਾ ਦੇ ਉੱਪਰੀ ਇਲਾਕੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਦੋਵਾਂ ਦੀ ਪਛਾਣ ਨਾਬਾਲਗ ਹੋਣ ਕਾਰਨ ਪੁਲਿਸ ਨੇ ਉਨ੍ਹਾਂ ਦੇ ਨਾਂ ਜਨਤਕ ਨਹੀਂ ਕੀਤੇ ਹਨ।
ਇਸ ਪੂਰੀ ਕਾਰਵਾਈ ਵਿੱਚ ਗੈਸਟੋਨੀਆ ਪੁਲਿਸ ਦੇ ਨਾਲ ਅਮਰੀਕੀ ਮਾਰਸ਼ਲਜ਼, ਹੋਮਲੈਂਡ ਸਕਿਓਰਿਟੀ ਅਤੇ ਕਸਟਮਜ਼ ਵਿਭਾਗ ਨੇ ਵੀ ਸਹਿਯੋਗ ਦਿੱਤਾ।
ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗੋਲੀਬਾਰੀ ਪਿੱਛੇ ਅਸਲ ਕਾਰਨ ਕੀ ਸੀ ਅਤੇ ਕੀ ਇਹ ਨੌਜਵਾਨ ਕਿਸੇ ਹੋਰ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਪੁਲਿਸ ਨੇ ਅਜੇ ਤੱਕ ਕਤਲ ਦਾ ਮਕਸਦ ਸਪੱਸ਼ਟ ਨਹੀਂ ਕੀਤਾ।
ਇਸ ਘਟਨਾ ਨੇ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇੱਕ ਬਜ਼ੁਰਗ ਮਹਿਲਾ ਦਾ ਆਪਣੇ ਹੀ ਘਰ ਵਿੱਚ ਬੈਠਿਆਂ ਗੋਲੀਬਾਰੀ ਦਾ ਸ਼ਿਕਾਰ ਹੋਣਾ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ