ਬੀ.ਸੀ. ਕਨਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਐਮਐਲਏ ਨੂੰ $7500 ਦਾ ਜੁਰਮਾਨਾ
ਬੀ.ਸੀ. ਕਨਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਐਮਐਲਏ ਪੀਟਰ ਮਿਲੋਬਾਰ ਦੀ ਕੈਂਪੇਨ ਨੂੰ ਇੱਕ ਮਹੱਤਵਪੂਰਨ ਫੀਸ ਦੇਰੀ ਨਾਲ ਜਮ੍ਹਾ ਕਰਵਾਉਣ ਲਈ 7,500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਪਾਰਟੀ ਨੇ ਸ਼ਨੀਵਾਰ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ 40,000 ਡਾਲਰ ਦਾ ਚੈਕ 1 ਅਪ੍ਰੈਲ ਦੀ ਮਿਆਦ ਤੱਕ ਪਾਰਟੀ ਦਫ਼ਤਰ ਨਹੀਂ ਪਹੁੰਚਿਆ।
ਬਿਆਨ ਮੁਤਾਬਕ, ਮਿਲੋਬਾਰ ਦੀ ਕੈਂਪੇਨ ਦੇ ਫਾਇਨੈਂਸ਼ਲ ਏਜੰਟ ਨੇ 29 ਮਾਰਚ ਨੂੰ ਚੈਕ ਦੀ ਤਸਵੀਰ ਭੇਜ ਕੇ ਦੱਸਿਆ ਸੀ ਕਿ ਚੈਕ ਆਮ ਡਾਕ ਰਾਹੀਂ ਭੇਜਿਆ ਗਿਆ ਹੈ, ਪਰ ਇਹ 2 ਅਪ੍ਰੈਲ ਨੂੰ ਦਫ਼ਤਰ ਪਹੁੰਚਿਆ। ਪਾਰਟੀ ਨੇ ਕਿਹਾ ਕਿ ਕੈਂਪੇਨ ਵੱਲੋਂ ਬਾਕੀ ਸਾਰੀਆਂ ਫੀਸਾਂ ਸਮੇਂ ’ਤੇ ਜਮ੍ਹਾ ਕਰਵਾਈਆਂ ਗਈਆਂ ਹਨ ਅਤੇ ਇਹ ਗਲਤੀ ਜਾਣਬੁੱਝ ਕੇ ਨਹੀਂ ਕੀਤੀ ਗਈ।
ਲੀਡਰਸ਼ਿਪ ਦੌੜ ਵਿੱਚ ਰਹਿਣ ਵਾਲੇ ਉਮੀਦਵਾਰਾਂ ਨੂੰ ਕੁੱਲ 1,15,000 ਡਾਲਰ ਫੀਸਾਂ ਦੇਣੀਆਂ ਪੈਂਦੀਆਂ ਹਨ, ਜਿਨ੍ਹਾਂ ਵਿੱਚੋਂ ਅਗਲੀ ਅਤੇ ਆਖ਼ਰੀ 60,000 ਡਾਲਰ ਦੀ ਮਿਆਦ 18 ਅਪ੍ਰੈਲ ਨੂੰ ਹੈ। ਲਗਾਇਆ ਗਿਆ ਜੁਰਮਾਨਾ 20,000 ਡਾਲਰ ਦੇ ਡਿਪਾਜ਼ਿਟ ਵਿੱਚੋਂ ਕਟਿਆ ਜਾਵੇਗਾ ਅਤੇ ਕੈਂਪੇਨ ਨੂੰ ਸੱਤ ਦਿਨਾਂ ਵਿੱਚ ਇਹ ਰਕਮ ਵਾਪਸ ਭਰਨੀ ਹੋਵੇਗੀ।
ਇਸ ਦੌੜ ਵਿੱਚ ਹੁਣ ਕੁਝ ਹੀ ਉਮੀਦਵਾਰ ਬਾਕੀ ਰਹਿ ਗਏ ਹਨ। ਮਿਲੋਬਾਰ ਤੋਂ ਇਲਾਵਾ ਹੋਰ ਉਮੀਦਵਾਰਾਂ ਵਿੱਚ ਵਾਰਨ ਹੈਮ, ਯੂਰੀ ਫੁਲਮਰ, ਆਇਨ ਬਲੈਕ, ਕੈਰੋਲਾਈਨ ਐਲਿਟ ਅਤੇ ਕੇਰੀ-ਲਿਨ ਫਿੰਡਲੇ ਸ਼ਾਮਲ ਹਨ।