ਅਮਰੀਕੀ ਟੈਰਿਫ਼ ਧਮਕੀ 'ਤੇ ਕੈਨੇਡਾ ਦੇ ਸਾਰੇ ਵਿਕਲਪ ਖੁੱਲ੍ਹੇ: ਕਾਰਨੀ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਦੇ ਜ਼ਿਆਦਾਤਰ ਸਮਾਨ 'ਤੇ 50 ਫ਼ੀਸਦੀ ਟੈਰਿਫ਼ ਲਾਗੂ ਕੀਤੇ ਜਾਂਦੇ ਹਨ ਤਾਂ ਕੈਨੇਡਾ ਹਰ ਸੰਭਵ ਜਵਾਬੀ ਕਦਮ 'ਤੇ ਵਿਚਾਰ ਕਰੇਗਾ। ਕਾਰਨੀ ਨੇ ਦੱਸਿਆ ਕਿ ਉਨ੍ਹਾਂ ਨੇ ਟਰੰਪ ਨਾਲ ਗੱਲਬਾਤ ਕੀਤੀ ਹੈ ਅਤੇ ਦੋਵੇਂ ਦੇਸ਼ਾਂ ਨੇ ਵਪਾਰਕ ਗੱਲਬਾਤ ਨੂੰ ਹੋਰ ਤੇਜ਼ ਕਰਨ 'ਤੇ ਸਹਿਮਤੀ ਜਤਾਈ ਹੈ।
ਕਾਰਨੀ ਨੇ ਕਿਹਾ ਕਿ ਅਮਰੀਕੀ ਸ਼ਰਾਬ ਨੂੰ ਸੂਬਾਈ ਸਟੋਰਾਂ ਤੋਂ ਹਟਾਉਣ ਦਾ ਫ਼ੈਸਲਾ ਸੂਬਿਆਂ ਨੇ ਅਮਰੀਕੀ ਟੈਰਿਫ਼ਾਂ ਅਤੇ ਕੈਨੇਡਾ ਦੀ sovereignty ਬਾਰੇ ਧਮਕੀਆਂ ਦੇ ਜਵਾਬ ਵਿੱਚ ਲਿਆ ਸੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲੇ ਲੋਕਾਂ ਦੇ ਸਮਰਥਨ ਨਾਲ ਕੀਤੇ ਗਏ ਹਨ।
ਉਧਰ, ਅਮਰੀਕਾ ਦੇ ਡਿਸਟਿਲਡ ਸਪਿਰਿਟਸ ਕੌਂਸਲ ਨੇ ਚੇਤਾਵਨੀ ਦਿੱਤੀ ਹੈ ਕਿ ਨਵੇਂ ਟੈਰਿਫ਼ਾਂ ਨਾਲ ਵਪਾਰਕ ਤਣਾਅ ਹੋਰ ਵਧੇਗਾ ਅਤੇ ਦੋਵੇਂ ਦੇਸ਼ਾਂ ਦੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚੇਗਾ। ਸੰਸਥਾ ਨੇ ਦੋਵੇਂ ਸਰਕਾਰਾਂ ਨੂੰ ਗੱਲਬਾਤ ਰਾਹੀਂ ਹੱਲ ਲੱਭਣ ਦੀ ਅਪੀਲ ਕੀਤੀ ਹੈ।
ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸਪੱਸ਼ਟ ਕੀਤਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਅਮਰੀਕੀ ਸ਼ਰਾਬ ਨੂੰ ਮੁੜ ਸਟੋਰਾਂ ਵਿੱਚ ਰੱਖਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਦਬਾਅ ਹੇਠ ਆ ਕੇ ਕੋਈ ਮਾੜਾ ਸਮਝੌਤਾ ਨਹੀਂ ਕਰਨਾ ਚਾਹੀਦਾ।
ਦੂਜੇ ਪਾਸੇ, ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਨੇ ਕਿਹਾ ਕਿ ਅਸਲ ਮਕਸਦ ਜਵਾਬੀ ਟੈਰਿਫ਼ ਵਧਾਉਣਾ ਨਹੀਂ, ਸਗੋਂ ਕੈਨੇਡਾ-ਅਮਰੀਕਾ ਵਿਚਕਾਰ ਨਵੇਂ ਮੁਕਤ ਵਪਾਰ ਸਮਝੌਤੇ ਤੱਕ ਪਹੁੰਚਣਾ ਹੋਣਾ ਚਾਹੀਦਾ ਹੈ। ਇਸੇ ਦੌਰਾਨ, ਪ੍ਰਿੰਸ ਐਡਵਰਡ ਆਈਲੈਂਡ ਵਿੱਚ ਸੂਬਾਈ ਪ੍ਰੀਮੀਅਰਾਂ ਦੀ ਬੈਠਕ ਵਿੱਚ ਵੀ ਟਰੰਪ ਦੀ ਨਵੀਂ ਟੈਰਿਫ਼ ਧਮਕੀ ਸਭ ਤੋਂ ਵੱਡਾ ਮੁੱਦਾ ਬਣੀ ਹੋਈ ਹੈ।