ਬੀ.ਸੀ. ਵਿੱਚ ਲੁਕਿਆ ਕਿਊਬੈਕ ਦਾ ਕਤਲ ਮਾਮਲੇ ਦਾ ਦੋਸ਼ੀ ਗ੍ਰਿਫ਼ਤਾਰ

ਬ੍ਰਿਟਿਸ਼ ਕੋਲੰਬੀਆ ਦੀ ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ (CFSEU-BC) ਨੇ ਕੈਨੇਡਾ ਭਰ ਦੀਆਂ ਪੁਲਿਸ ਏਜੰਸੀਆਂ ਦੇ ਸਾਂਝੇ ਆਪਰੇਸ਼ਨ ਦੌਰਾਨ ਕਿਊਬੈਕ ਵਿੱਚ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਇੱਕ ਵਿਅਕਤੀ ਨੂੰ ਬਰਨਬੀ ਤੋਂ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਮੁਤਾਬਕ, 11 ਮਈ 2022 ਨੂੰ ਮਾਂਟਰੀਅਲ ਵਿੱਚ ਸੇਬਾਸਤਿਅਨ ਜੀਰੂ ਦੇ ਕਤਲ ਦੇ ਮਾਮਲੇ ਵਿੱਚ ਜਨਵਰੀ 2026 ਵਿੱਚ ਤਿੰਨ ਲੋਕਾਂ ‘ਤੇ ਦੋਸ਼ ਲਗਾਏ ਗਏ ਸਨ। ਦੋ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਸਨ, ਜਦਕਿ ਲੀ ਵੈਨ ਸਮੈਥ ਜਰਮੇਨ ਫ਼ਰਾਰ ਸੀ।

ਜਾਂਚ ਦੌਰਾਨ ਮਾਂਟਰੀਅਲ ਪੁਲਿਸ ਨੂੰ ਪਤਾ ਲੱਗਿਆ ਕਿ ਜਰਮੇਨ ਦੇ ਬੀ.ਸੀ. ਨਾਲ ਸਬੰਧ ਹਨ। ਇਸ ਤੋਂ ਬਾਅਦ ਮਾਂਟਰੀਅਲ ਪੁਲਿਸ, CFSEU-BC ਅਤੇ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਮਿਲ ਕੇ ਜਾਂਚ ਕੀਤੀ। ਬੁੱਧਵਾਰ ਨੂੰ ਬਰਨਬੀ ਦੇ ਇੱਕ ਘਰ ‘ਤੇ ਸਰਚ ਵਾਰੰਟ ਦੌਰਾਨ ਜਰਮੇਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਛੇ ਦਿਨ ਲਈ ਹਿਰਾਸਤ ਵਿੱਚ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਕਿਊਬੈਕ ਭੇਜਿਆ ਜਾਵੇਗਾ। ਸਰਜੰਟ ਸਰਬਜੀਤ ਕੇ. ਸੰਘਾ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਦੇਸ਼ ਭਰ ਦੀਆਂ ਪੁਲਿਸ ਏਜੰਸੀਆਂ ਦੇ ਆਪਸੀ ਸਹਿਯੋਗ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ।

ਇਸ ਲੇਖ ਨੂੰ ਸਾਂਝਾ ਕਰੋ: