ਟਰੱਕਿੰਗ ਇੰਡਸਟਰੀ ਨਾਲ ਜੁੜੇ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼
ਕੈਨੇਡਾ ਅਤੇ ਅਮਰੀਕਾ ਦੀਆਂ ਪੁਲਿਸ ਅਤੇ border ਏਜੰਸੀਆਂ ਦੀ ਸਾਂਝੀ ਜਾਂਚ ਦੌਰਾਨ ਲਗਭਗ 1.7 ਟਨ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਅਧਿਕਾਰੀਆਂ ਨੇ ਇਸ ਆਪਰੇਸ਼ਨ ਨੂੰ "ਪ੍ਰੋਜੈਕਟ ਬੇ" ਨਾਮ ਦਿੱਤਾ ਹੈ ਅਤੇ ਇਸ ਨੂੰ ਓਨਟਾਰੀਓ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਇਕੱਲੀਆਂ ਡਰੱਗ ਬਰਾਮਦਗੀਆਂ ਵਿੱਚੋਂ ਇੱਕ ਕਰਾਰ ਦਿੱਤਾ ਹੈ। ਜ਼ਬਤ ਕੀਤੇ ਗਏ ਨਸ਼ਿਆਂ ਦੀ ਅੰਦਾਜ਼ਨ street value 139 ਮਿਲੀਅਨ ਡਾਲਰ ਤੋਂ ਵੱਧ ਦੱਸੀ ਗਈ ਹੈ। ਪੁਲਿਸ ਮੁਤਾਬਕ ਜਾਂਚ ਜਨਵਰੀ 2025 ਵਿੱਚ ਵਿੰਡਸਰ ਪੁਲਿਸ ਨੇ ਸ਼ੁਰੂ ਕੀਤੀ ਸੀ। ਇੱਕ ਮਹੀਨੇ ਬਾਅਦ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੀ ਜਾਂਚ ਵਿੱਚ ਸ਼ਾਮਲ ਹੋ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਕਥਿਤ ਤੌਰ 'ਤੇ ਕਮਰਸ਼ੀਅਲ ਟਰੱਕਿੰਗ ਉਦਯੋਗ ਦੀ ਵਰਤੋਂ ਕਰਕੇ ਕਾਨੂੰਨੀ ਸਪਲਾਈ ਚੇਨ ਦੇ ਜ਼ਰੀਏ ਸਰਹੱਦ ਪਾਰ ਨਸ਼ਿਆਂ ਦੀ ਤਸਕਰੀ ਕੀਤੀ ਜਾ ਰਹੀ ਸੀ।
ਇਸ ਜਾਂਚ ਵਿੱਚ ਅਮਰੀਕੀ ਹੋਮਲੈਂਡ ਸਿਕਿਊਰਟੀ ਇਨਵੈਸਟੀਗੇਸ਼ਨਜ਼ (HSI), ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (DEA), ਟੋਰਾਂਟੋ ਪੁਲਿਸ ਅਤੇ ਪੀਲ ਰੀਜਨਲ ਪੁਲਿਸ ਨੇ ਵੀ ਸਹਿਯੋਗ ਦਿੱਤਾ। ਜਾਂਚ ਦੇ ਤਹਿਤ 25 ਜੂਨ ਨੂੰ 18, 14 ਜੁਲਾਈ ਨੂੰ 2 ਅਤੇ 20 ਜੁਲਾਈ ਨੂੰ 2 ਸਰਚ ਵਾਰੰਟ ਵਿੰਡਸਰ, ਕੋਰੂਨਾ, ਲਾ ਸਾਲ, ਬ੍ਰੈਂਪਟਨ, ਕਲੇਨਬਰਗ, ਮਾਰਖਮ ਅਤੇ ਕੈਲੇਡਨ ਵਿੱਚ ਘਰਾਂ ਅਤੇ ਕਾਰੋਬਾਰਾਂ 'ਤੇ ਲਾਗੂ ਕੀਤੇ ਗਏ। ਇਸ ਕਾਰਵਾਈ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੇ ਨਾਲ ਹਥਿਆਰ ਵੀ ਬਰਾਮਦ ਕੀਤੇ ਗਏ।