ਟੋਰਾਂਟੋ ਵਿੱਚ ਅਮਰੀਕੀ ਕੌਂਸਲੇਟ ਦੇ ਬਾਹਰ ਗੋਲੀ ਚੱਲੀ, ਪੁਲਿਸ ਦੀ ਭਾਰੀ ਤਾਇਨਾਤੀ
ਟੋਰਾਂਟੋ ਵਿੱਚ ਅੱਜ ਸਵੇਰੇ ਅਮਰੀਕੀ ਕੌਂਸਲੇਟ ਦੇ ਬਾਹਰ ਘੱਟੋ-ਘੱਟ ਇੱਕ ਗੋਲੀ ਚੱਲਣ ਤੋਂ ਬਾਅਦ ਇਲਾਕੇ ਵਿੱਚ ਪੁਲਿਸ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਹ ਪੁਸ਼ਟੀ ਨਹੀਂ ਕੀਤੀ ਕਿ ਨਿਸ਼ਾਨਾ ਕੌਂਸਲੇਟ ਸੀ ਜਾਂ ਨਹੀਂ, ਪਰ ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਲਗਭਗ ਚਾਰ ਮਹੀਨੇ ਪਹਿਲਾਂ ਵੀ ਇਸੇ ਇਮਾਰਤ 'ਤੇ ਗੋਲੀਬਾਰੀ ਹੋਈ ਸੀ। ਉਸ ਮਾਮਲੇ ਵਿੱਚ ਪੁਲਿਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਨੌਜਵਾਨਾਂ ਨੂੰ ਪੈਸੇ ਦੇ ਕੇ ਕੌਂਸਲੇਟ 'ਤੇ ਗੋਲੀਆਂ ਚਲਾਉਣ ਲਈ ਭੇਜਿਆ ਗਿਆ ਸੀ। ਸੋਮਵਾਰ ਸਵੇਰੇ ਕਰੀਬ 4:45 ਵਜੇ ਯੂਨੀਵਰਸਿਟੀ ਐਵੇਨਿਊ ਅਤੇ ਕਵੀਨ ਸਟਰੀਟ ਨੇੜੇ ਕੌਂਸਲੇਟ ਦੇ ਬਾਹਰ ਇੱਕ khol ਬਰਾਮਦ ਹੋਇਆ। ਪਿਛਲੀ ਘਟਨਾ ਤੋਂ ਬਾਅਦ ਇਮਾਰਤ ਦੀ 24 ਘੰਟੇ ਨਿਗਰਾਨੀ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਹੀ ਗੋਲੀ ਦੀ ਆਵਾਜ਼ ਸੁਣੀ ਅਤੇ ਤੁਰੰਤ ਕਾਰਵਾਈ ਕੀਤੀ। ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਪੁਲਿਸ ਮੁਤਾਬਕ ਇੱਕ ਚਿੱਟੀ ਸੈਡਾਨ ਕਾਰ ਨੂੰ ਮੌਕੇ ਤੋਂ ਜਾਂਦੇ ਦੇਖਿਆ ਗਿਆ, ਪਰ ਅਜੇ ਤੱਕ ਕਿਸੇ ਸ਼ੱਕੀ ਬਾਰੇ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ।