ਵੈਨਕੂਵਰ ਵਿੱਚ ਪੱਛਮੀ ਕੈਨੇਡਾ ਦੀ ਸਭ ਤੋਂ ਉੱਚੀ ਇਮਾਰਤ ਨੂੰ ਮਨਜ਼ੂਰੀ

ਵੈਨਕੂਵਰ ਸਿਟੀ ਕੌਂਸਲ ਨੇ ਸੋਮਵਾਰ ਨੂੰ ਡਾਊਨਟਾਊਨ ਦੇ ਦੋ ਬਲਾਕਾਂ ਦੇ ਵੱਡੇ re-development ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਤਹਿਤ ਤਿੰਨ ਉੱਚੀਆਂ ਇਮਾਰਤਾਂ ਬਣਾਈਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 79 ਮੰਜ਼ਿਲਾਂ ਅਤੇ 315 ਮੀਟਰ ਉੱਚੀ ਇਮਾਰਤ ਪੱਛਮੀ ਕੈਨੇਡਾ ਦੀ ਸਭ ਤੋਂ ਉੱਚੀ ਇਮਾਰਤ ਹੋਵੇਗੀ। ਇਹ ਬੀ.ਸੀ. ਦੀ ਪਹਿਲੀ "ਸੁਪਰਟਾਲ" ਇਮਾਰਤ ਵੀ ਹੋਵੇਗੀ। ਇਸ ਤੋਂ ਇਲਾਵਾ ਇੱਕ 68 ਮੰਜ਼ਿਲਾਂ ਵਾਲਾ ਹੋਟਲ, ਜੋ ਵੈਨਕੂਵਰ ਦਾ ਸਭ ਤੋਂ ਵੱਡਾ ਹੋਟਲ ਹੋਵੇਗਾ, ਅਤੇ ਇੱਕ ਹੋਰ 68 ਮੰਜ਼ਿਲਾਂ ਦਾ ਰਿਹਾਇਸ਼ੀ ਟਾਵਰ ਵੀ ਬਣੇਗਾ

ਇਹ ਪ੍ਰੋਜੈਕਟ ਸਥਾਨਕ ਡਿਵੈਲਪਰ ਹੋਲਬੋਰਨ ਗਰੁੱਪ ਅਤੇ ਹੈਨਰੀਕੈਜ਼ ਪਾਰਟਨਰਜ਼ ਆਰਕੀਟੈਕਟਸ ਵੱਲੋਂ ਵੈਸਟ ਜਾਰਜੀਆ, ਸੇਮੋਰ, ਡਨਸਮਿਊਰ ਅਤੇ ਰਿਚਰਡਜ਼ ਸਟਰੀਟ ਦੇ ਦਰਮਿਆਨ ਬਣਾਇਆ ਜਾਵੇਗਾ। ਪ੍ਰੋਜੈਕਟ ਦੇ ਹਿੱਸੇ ਵਜੋਂ ਐਬਟ ਸਟਰੀਟ 'ਤੇ 237 ਯੂਨਿਟਾਂ ਵਾਲੀ ਸੋਸ਼ਲ ਹਾਊਸਿੰਗ ਇਮਾਰਤ ਵੀ ਬਣਾਈ ਜਾਵੇਗੀ, ਜਿਸ ਨੂੰ ਮੁਕੰਮਲ ਹੋਣ ਤੋਂ ਬਾਅਦ ਸ਼ਹਿਰ ਨੂੰ ਸੌਂਪ ਦਿੱਤਾ ਜਾਵੇਗਾ।

ਏ.ਬੀ.ਸੀ. ਵੈਨਕੂਵਰ ਦੇ ਕੌਂਸਲਰਾਂ ਨੇ ਇਸ ਨੂੰ ਸ਼ਹਿਰ ਲਈ ਇੱਕ ਇਤਿਹਾਸਕ ਅਤੇ ਦੂਰਅੰਦੇਸ਼ੀ ਪ੍ਰੋਜੈਕਟ ਕਰਾਰ ਦਿੱਤਾ ਹੈ, ਜੋ ਡਾਊਨਟਾਊਨ ਨੂੰ ਨਵੀਂ ਪਛਾਣ ਦੇਵੇਗਾ ਅਤੇ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰੇਗਾ। ਹਾਲਾਂਕਿ, ਕੁਝ ਕੌਂਸਲਰਾਂ ਅਤੇ ਸੈਂਕੜੇ ਨਿਵਾਸੀਆਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉੱਚੀਆਂ ਇਮਾਰਤਾਂ ਬਾਰੇ ਸ਼ਹਿਰ ਦੀ ਨਵੀਂ ਨੀਤੀ ਤਿਆਰ ਹੋਣ ਤੱਕ ਇਸ ਫ਼ੈਸਲੇ ਨੂੰ ਟਾਲਿਆ ਜਾਣਾ ਚਾਹੀਦਾ ਸੀ। ਵਿਰੋਧੀਆਂ ਨੇ ਹੋਲਬੋਰਨ ਦੇ ਲਿਟਲ ਮਾਊਂਟੇਨ re-development ਪ੍ਰੋਜੈਕਟ ਅਤੇ ਹੋਰ ਪਿਛਲੇ ਪ੍ਰੋਜੈਕਟਾਂ ਨੂੰ ਲੈ ਕੇ ਵੀ ਚਿੰਤਾਵਾਂ ਜਤਾਈਆਂ। ਕੰਪਨੀ ਦਾ ਕਹਿਣਾ ਹੈ ਕਿ construction ਸ਼ੁਰੂ ਹੋਣ ਵਿੱਚ ਹਾਲੇ ਕੁਝ ਸਾਲ ਲੱਗ ਸਕਦੇ ਹਨ ਕਿਉਂਕਿ ਪਹਿਲਾਂ ਲੋੜੀਂਦੀਆਂ ਪ੍ਰੀ-ਸੇਲਜ਼ ਅਤੇ ਵਿੱਤੀ ਪ੍ਰਬੰਧ ਪੂਰੇ ਕਰਨੇ ਹੋਣਗੇ।


ਇਸ ਲੇਖ ਨੂੰ ਸਾਂਝਾ ਕਰੋ: