ਐਲਐਮਐਚਪੀ ਫੈਲੋ ਪੰਜਾਬ ਦੀ ਮਾਨਸਿਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰ ਰਹੇ ਹਨ: ਪੰਜਾਬ ਸਰਕਾਰ
ਨਸ਼ਿਆਂ ਦੀ ਲਤ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਫ਼ਰਵਰੀ 2026 ‘ਚ ਨਸ਼ਿਆਂ ਵਿਰੁੱਧ ਦੇਸ਼ ਦੀ ਪਹਿਲੀ ਫੈਲੋਸ਼ਿਪ ‘ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ (ਐਲਐਮਐਚਪੀ)’ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦੇ ਪਹਿਲੇ ਬੈਚ ਦੇ 13 ਫੈਲੋ ਇਸ ਵੇਲੇ ਪੰਜਾਬ ਭਰ ‘ਚ ਕੰਮ ਕਰ ਰਹੇ ਹਨ ਅਤੇ ਮਾਨਸਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਸਰਕਾਰ ਮੁਤਾਬਕ ਐਲਐਮਐਚਪੀ ਫੈਲੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੂਬੇ ਭਰ ‘ਚ ਸਿਹਤ ਸੇਵਾਵਾਂ ਨੂੰ ਸਹਿਯੋਗ ਦੇ ਰਹੇ ਹਨ ਅਤੇ ਨਸ਼ਿਆਂ ਵਿਰੁੱਧ ਲੜਾਈ ‘ਚ ਸਿਹਤ-ਕੇਂਦਰਿਤ ਅਤੇ ਭਾਈਚਾਰਾ-ਕੇਂਦਰਿਤ ਪਹੁੰਚ ਨੂੰ ਮਜ਼ਬੂਤ ਕਰ ਰਹੇ ਹਨ। ਇਹ ਸੂਬੇ ਦੀ ਮਾਨਸਿਕ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਵੱਲ ਇੱਕ ਅਹਿਮ ਕਦਮ ਹੈ ਕਿ ਰਿਹੈਬਿਲੀਟੇਸ਼ਨ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਮੁੱਖ ਅਧਾਰ ਬਣਿਆ ਰਹੇ।
ਹੁਣ ਪੰਜਾਬ ਸਰਕਾਰ ਇਸ ਪ੍ਰੋਗਰਾਮ ਦੇ ਦੂਜੇ ਬੈਚ ਲਈ ਅਰਜ਼ੀਆਂ ਮੰਗਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ- 10 ਫੈਲੋ ਅਤੇ 7 ਸੀਨੀਅਰ ਐਸੋਸੀਏਟ- ਇਸ ਦਾ ਉਦੇਸ਼ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ‘ਚ ਸਿਖਲਾਈ ਪ੍ਰਾਪਤ ਨੌਜਵਾਨ ਪੇਸ਼ੇਵਰਾਂ ਦਾ ਇੱਕ ਮਜ਼ਬੂਤ ਨੈੱਟਵਰਕ ਤਿਆਰ ਕਰਨਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅਧੀਨ ਅਤੇ ਸੂਬੇ ਦੀ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ (ਡੀ.ਆਈ.ਟੀ.ਐਸ.ਯੂ.) ਦੇ ਨਜ਼ਦੀਕੀ ਸਹਿਯੋਗ ਨਾਲ ਚਲਾਇਆ ਜਾ ਰਿਹਾ ਐਲਐਮਐਚਪੀ ਅਜਿਹੇ ਕੁਸ਼ਲ ਮਾਨਸਿਕ ਸਿਹਤ ਆਗੂਆਂ ਦੀ ਟੀਮ ਤਿਆਰ ਕਰ ਰਿਹਾ ਹੈ, ਜੋ ਸੂਬੇ ਭਰ ਵਿੱਚ ਸਬੂਤ-ਆਧਾਰਿਤ ਨਸ਼ਾ ਰੋਕਥਾਮ ਅਤੇ ਰਿਹੈਬਲੀਟੇਸ਼ਨ ਨਾਲ ਸਬੰਧਤ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾ ਸਕਣ।