ਕੈਨੇਡਾ ਦੀ ਅਰਥਵਿਵਸਥਾ ਨੇ ਮਈ ਵਿੱਚ ਫੜੀ ਰਫ਼ਤਾਰ, ਦੂਜੀ ਤਿਮਾਹੀ ਵਿੱਚ ਮਜ਼ਬੂਤ ਵਾਧੇ ਦੇ ਸੰਕੇਤ
ਸਟੈਟਸ ਕੈਨੇਡਾ ਅਨੁਸਾਰ ਮਈ ਮਹੀਨੇ ਵਿੱਚ ਕੈਨੇਡਾ ਦੀ ਅਰਥਵਿਵਸਥਾ ਵਿੱਚ 0.3 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਹ ਵਾਧਾ ਏਜੰਸੀ ਦੇ ਸ਼ੁਰੂਆਤੀ 0.1 ਫ਼ੀਸਦੀ ਦੇ ਅਨੁਮਾਨ ਨਾਲੋਂ ਕਾਫ਼ੀ ਵੱਧ ਹੈ ਅਤੇ ਦੂਜੀ ਤਿਮਾਹੀ ਵਿੱਚ ਮਜ਼ਬੂਤ ਆਰਥਿਕ ਸੁਧਾਰ ਦੇ ਸੰਕੇਤ ਦਿੰਦਾ ਹੈ।
ਇਹ ਵਾਧਾ mining, ਤੇਲ ਅਤੇ ਗੈਸ ਖੇਤਰ ਦੀ ਮਜ਼ਬੂਤ ਕਾਰਗੁਜ਼ਾਰੀ ਕਾਰਨ ਹੋਇਆ। ਆਇਲ ਸੈਂਡਜ਼ ਵਿੱਚ ਰੱਖ-ਰਖਾਅ ਦਾ ਕੰਮ ਜਲਦੀ ਮੁਕੰਮਲ ਹੋਣ ਜਾਂ ਟਲ ਜਾਣ ਕਾਰਨ ਉਤਪਾਦਨ ਵਧਿਆ, ਜਦਕਿ ਪਾਈਪਲਾਈਨਾਂ ਰਾਹੀਂ ਵਧੇਰੇ ਸਪਲਾਈ ਨੇ ਆਵਾਜਾਈ ਅਤੇ ਵੇਅਰਹਾਊਸਿੰਗ ਖੇਤਰ ਨੂੰ ਵੀ ਮਜ਼ਬੂਤੀ ਦਿੱਤੀ। ਰੀਅਲ ਅਸਟੇਟ ਖੇਤਰ ਵਿੱਚ ਵੀ ਸੁਧਾਰ ਦੇਖਣ ਨੂੰ ਮਿਲਿਆ ਜਿੱਥੇ ਮਈ ਵਿੱਚ ਰੀਅਲ ਅਸਟੇਟ ਏਜੰਟਾਂ ਅਤੇ ਬਰੋਕਰਾਂ ਦੀ ਸਰਗਰਮੀ 5.1 ਫ਼ੀਸਦੀ ਵਧੀ, ਜੋ ਅਕਤੂਬਰ 2024 ਤੋਂ ਬਾਅਦ ਸਭ ਤੋਂ ਵੱਡਾ ਮਹੀਨਾਵਾਰ ਵਾਧਾ ਹੈ। ਓਨਟਾਰੀਓ ਅਤੇ ਬੀ.ਸੀ. ਵਿੱਚ ਘਰਾਂ ਦੀ ਵਿਕਰੀ ਵਿੱਚ ਵੀ ਤੇਜ਼ੀ ਆਈ। CONSTRUCTION, ਮੈਨੂਫੈਕਚਰਿੰਗ, ਵਿੱਤੀ ਅਤੇ ਸਰਕਾਰੀ ਸੇਵਾਵਾਂ ਦੇ ਖੇਤਰਾਂ ਵਿੱਚ ਵੀ ਲਗਾਤਾਰ ਦੂਜੇ ਮਹੀਨੇ ਵਾਧਾ ਦਰਜ ਕੀਤਾ ਗਿਆ। ਸਟੈਟਸ ਕੈਨੇਡਾ ਦੇ ਅਗਾਊਂ ਅਨੁਮਾਨ ਮੁਤਾਬਕ ਦੂਜੀ ਤਿਮਾਹੀ ਵਿੱਚ ਸਾਲਾਨਾ ਆਧਾਰ 'ਤੇ ਅਰਥਵਿਵਸਥਾ 3.4 ਫ਼ੀਸਦੀ ਦੀ ਦਰ ਨਾਲ ਵਧ ਸਕਦੀ ਹੈ, ਜੋ ਬੈਂਕ ਆਫ਼ ਕੈਨੇਡਾ ਦੇ 2.5 ਫ਼ੀਸਦੀ ਦੇ ਅਨੁਮਾਨ ਨਾਲੋਂ ਵੀ ਵੱਧ ਹੈ। ਜੂਨ ਦੇ ਅੰਤਿਮ ਅੰਕੜੇ ਅਗਸਤ ਦੇ ਅਖੀਰ ਵਿੱਚ ਜਾਰੀ ਕੀਤੇ ਜਾਣਗੇ।