ਸਰੀ ਵਿੱਚ ਗੋਲੀਬਾਰੀ ਅਤੇ ਅੱਗਜ਼ਨੀ ਨਾਲ ਜੁੜੀ ਰੇਂਜ ਰੋਵਰ ਜ਼ਬਤ ਕਰਨ ਲਈ ਬੀ.ਸੀ. ਸਰਕਾਰ ਦੀ ਅਦਾਲਤ ਵਿੱਚ ਅਰਜ਼ੀ
ਸਰੀ ਵਿੱਚ ਇਸ ਸਾਲ ਫਰਵਰੀ ਮਹੀਨੇ ਹੋਈ ਕਥਿਤ ਐਕਸਟੋਰਸ਼ਨ ਨਾਲ ਜੁੜੀ ਗੋਲੀਬਾਰੀ ਅਤੇ ਅੱਗਜ਼ਨੀ ਦੀ ਘਟਨਾ ਵਿੱਚ ਵਰਤੀ ਗਈ ਰੇਂਜ ਰੋਵਰ ਨੂੰ ਜ਼ਬਤ ਕਰਕੇ ਬੀ.ਸੀ. ਸਰਕਾਰ ਦੇ ਹਵਾਲੇ ਕਰਨ ਲਈ ਸਿਵਲ ਫ਼ੋਰਫ਼ਿਟਰ ਡਾਇਰੈਕਟਰ ਨੇ ਅਦਾਲਤ ਵਿੱਚ ਮਾਮਲਾ ਦਾਇਰ ਕੀਤਾ ਹੈ।
ਮੁਕੱਦਮੇ ਅਨੁਸਾਰ, 2010 ਮਾਡਲ ਦੀ ਇਹ ਰੇਂਜ ਰੋਵਰ ਦਯਾਜੀਤ ਸਿੰਘ ਬਿੱਲਿੰਗ ਵੱਲੋਂ ਘਟਨਾ ਤੋਂ ਪਹਿਲਾਂ ਨਿਸ਼ਾਨਾ ਬਣੇ ਘਰ ਦੀ ਰੇਕੀ ਕਰਨ, ਪੈਟਰੋਲ ਅਤੇ ਲਾਈਟਰ ਖਰੀਦਣ ਲਈ ਵਰਤੀ ਗਈ ਸੀ। ਇਸ ਤੋਂ ਬਾਅਦ ਤਿੰਨ ਮੁਲਜ਼ਮਾਂ ਨੇ ਮੋਲੋਟੋਵ ਕਾਕਟੇਲ ਸੁੱਟੇ ਅਤੇ ਘਰ 'ਤੇ ਗੋਲੀਆਂ ਚਲਾਈਆਂ। ਦਯਾਜੀਤ ਸਿੰਘ ਬਿੱਲਿੰਗ (21), ਹਰਜੋਤ ਸਿੰਘ (21) ਅਤੇ ਤਰਨਵੀਰ ਸਿੰਘ (19) ਨੇ ਜੂਨ ਵਿੱਚ ਇਸ ਮਾਮਲੇ ਵਿੱਚ ਦੋਸ਼ ਕਬੂਲ ਕਰ ਲਏ ਸਨ। ਪੁਲਿਸ ਨੇ ਘਟਨਾ ਤੋਂ ਕੁਝ ਸਮੇਂ ਬਾਅਦ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਪੁਲਿਸ ਨੇ ਰੇਂਜ ਰੋਵਰ ਅਤੇ ਇੱਕ ਹੋਰ Mitsubishi Outlander ਦੀ ਤਲਾਸ਼ੀ ਦੌਰਾਨ ID CARDS, ਕਰੈਡਿਟ ਕਾਰਡ, ਪੈਟਰੋਲ ਵਾਲੀ ਬੋਤਲ, ਦਸਤਾਨੇ ਅਤੇ ਹੋਰ ਸਬੂਤ ਬਰਾਮਦ ਕੀਤੇ। ਕੁਝ ਦਿਨ ਬਾਅਦ ਭੱਜਣ ਵਾਲੇ ਰਸਤੇ ਨੇੜੇ ਇੱਕ ਭਰੀ ਹੋਈ ਗਲੌਕ ਪਿਸਤੌਲ ਵੀ ਮਿਲੀ। ਸਰਕਾਰ ਦਾ ਕਹਿਣਾ ਹੈ ਕਿ ਇਹ ਵਾਹਨ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਵਰਤਿਆ ਗਿਆ ਸੀ, ਇਸ ਲਈ ਇਸ ਨੂੰ ਸਥਾਈ ਤੌਰ 'ਤੇ ਜ਼ਬਤ ਕੀਤਾ ਜਾਣਾ ਚਾਹੀਦਾ ਹੈ। ਮਾਮਲੇ ਵਿੱਚ ਹਾਲੇ ਬਚਾਅ ਪੱਖ ਵੱਲੋਂ ਜਵਾਬ ਦਾਖ਼ਲ ਨਹੀਂ ਕੀਤਾ ਗਿਆ।