ਬੀ.ਸੀ. ਵਿੱਚ AI ਡਾਟਾ ਸੈਂਟਰਾਂ ’ਤੇ ਸਿਆਸੀ ਪਾਰਟੀਆਂ ਦੇ ਵੱਖਰੇ ਰੁਖ

ਬ੍ਰਿਟਿਸ਼ ਕੋਲੰਬੀਆ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਯਾਨੀ AI ਡਾਟਾ ਸੈਂਟਰਾਂ ਦਾ ਮੁੱਦਾ ਸਿਆਸੀ ਚਰਚਾ ਦਾ ਅਹਿਮ ਹਿੱਸਾ ਬਣ ਗਿਆ ਹੈ। ਫੈਡਰਲ ਸਰਕਾਰ ਨੇ ਇਸ ਸਾਲ ਵੈਨਕੂਵਰ ਅਤੇ ਕੇਲੋਨਾ ਵਿੱਚ ਟੈਲਸ ਦੀ ਅਗਵਾਈ ਹੇਠ AI ਡਾਟਾ ਸੈਂਟਰ ਬਣਾਉਣ ਦੀਆਂ ਯੋਜਨਾਵਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਉਦਯੋਗ ਅਤੇ ਕਈ ਸਿਆਸੀ ਆਗੂਆਂ ਨੇ ਇਸ ਕਦਮ ਦਾ ਸਵਾਗਤ ਕੀਤਾ, ਪਰ ਕੁਝ ਲੋਕਾਂ ਨੇ ਵੱਡੀਆਂ ਟੈਕਨਾਲੋਜੀ ਕੰਪਨੀਆਂ ਦੇ ਪ੍ਰਭਾਵ ਅਤੇ ਵਾਤਾਵਰਣ ’ਤੇ ਪੈਣ ਵਾਲੇ ਅਸਰਾਂ ਨੂੰ ਲੈ ਕੇ ਵਿਰੋਧ ਵੀ ਕੀਤਾ। ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਗੂ ਲੌਰਨ ਡੋਰਕਸਨ ਦਾ ਕਹਿਣਾ ਹੈ ਕਿ ਡਾਟਾ ਸੈਂਟਰਾਂ ਬਾਰੇ ਫ਼ੈਸਲਾ ਲੈਂਦਿਆਂ ਸੂਬੇ ਵਿੱਚ ਪਾਣੀ ਦੀ ਘਾਟ ਵਰਗੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਇਸ ਦੇ ਉਲਟ, ਬੀ.ਸੀ. ਗ੍ਰੀਨ ਪਾਰਟੀ ਦੀ ਆਗੂ ਐਮਿਲੀ ਲੋਵਨ ਨੇ ਮੰਗ ਕੀਤੀ ਹੈ ਕਿ ਮਜ਼ਬੂਤ ਨਿਯਮ ਅਤੇ ਵਾਤਾਵਰਣ ਸਬੰਧੀ ਨੀਤੀਆਂ ਬਣਨ ਤੱਕ ਨਵੇਂ ਡਾਟਾ ਸੈਂਟਰਾਂ ਦੀ ਉਸਾਰੀ ਰੋਕੀ ਜਾਵੇ। ਬੀ.ਸੀ. ਐਨ.ਡੀ.ਪੀ. ਦੇ ਆਗੂ ਡੇਵਿਡ ਏਬੀ ਨੇ ਕਿਹਾ ਕਿ ਨਵੇਂ ਪ੍ਰੋਜੈਕਟਾਂ ਨੂੰ ਸੀਮਤ ਬਿਜਲੀ ਲਈ ਮੁਕਾਬਲਾ ਕਰਨਾ ਪਵੇਗਾ। ਸਰਕਾਰ ਮੁਤਾਬਕ, ਵਾਤਾਵਰਣ ਲਈ ਫਾਇਦੇਮੰਦ ਪ੍ਰੋਜੈਕਟਾਂ ਅਤੇ ਫਰਸਟ ਨੇਸ਼ਨਜ਼ ਦੀ ਭਾਗੀਦਾਰੀ ਵਾਲੀਆਂ ਯੋਜਨਾਵਾਂ ਨੂੰ ਤਰਜੀਹ ਦਿੱਤੀ ਜਾਵੇਗੀ। ਐਨਰਜੀ ਫਿਊਚਰਜ਼ ਇੰਸਟੀਚਿਊਟ ਦੇ ਮੁਖੀ ਬੈਰੀ ਪੈਨਰ ਨੇ ਚਿੰਤਾ ਜਤਾਈ ਕਿ ਆਉਣ ਵਾਲੇ ਸਾਲਾਂ ਵਿੱਚ ਸੂਬੇ ਦੀ ਬਿਜਲੀ ਦੀ ਮੰਗ ਪੂਰੀ ਕਰਨੀ ਮੁਸ਼ਕਲ ਹੋ ਸਕਦੀ ਹੈ। ਦੂਜੇ ਪਾਸੇ, ਟੈਲਸ ਦਾ ਦਾਅਵਾ ਹੈ ਕਿ ਉਸ ਦੇ ਪ੍ਰਸਤਾਵਿਤ ਡਾਟਾ ਸੈਂਟਰ 98 ਫ਼ੀਸਦੀ ਸਾਫ਼ ਹਾਈਡਰੋ ਬਿਜਲੀ ਵਰਤਣਗੇ ਅਤੇ ਰਵਾਇਤੀ ਡਾਟਾ ਸੈਂਟਰਾਂ ਨਾਲੋਂ 90 ਫ਼ੀਸਦੀ ਘੱਟ ਪਾਣੀ ਦੀ ਵਰਤੋਂ ਕਰਨਗੇ।

ਇਸ ਲੇਖ ਨੂੰ ਸਾਂਝਾ ਕਰੋ: