BC ਦੇ ਇਕ ਵਿਅਕਤੀ ਨੇ ਜਹਾਜ਼ ਦੀ HIJACKING ਕਰਨ ਦੇ ਦੋਸ਼ ਕਬੂਲੇ
ਪਿਛਲੇ ਸਾਲ ਇੱਕ ਛੋਟੇ ਜਹਾਜ਼ ਦੀ ਹਾਈਜੈਕਿੰਗ ਨਾਲ ਵੈਂਕੂਵਰ ਇੰਟਰਨੈਸ਼ਨਲ ਏਅਰਪੋਰਟ ‘ਤੇ ਸੁਰੱਖਿਆ ਸੰਬੰਧੀ ਹਲਚਲ ਪੈਦਾ ਕਰਨ ਵਾਲੇ ਮਾਮਲੇ ਵਿੱਚ ਦੋਸ਼ੀ ਇੱਕ ਵਿਅਕਤੀ ਨੇ ਹੁਣ ਦੋ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ। ਰਿਚਮੰਡ ਦੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਇੱਕ ਸਾਬਕਾ ਕਮਰਸ਼ੀਅਲ ਪਾਇਲਟ ਸ਼ਹੀਰ ਕਾਸਿਮ ਨੇ ਹਾਈਜੈਕਿੰਗ ਨਾਲ ਜਹਾਜ਼ ਦੀ ਉਡਾਣ ਯੋਜਨਾ ਬਦਲਣ ਦੀ ਨੀਅਤ ਅਤੇ ਹਵਾਈ ਅੱਡੇ ਦੇ ਸੰਚਾਲਨ ਵਿੱਚ ਰੁਕਾਵਟ ਪੈਦਾ ਕਰਨ ਦੇ ਦੋਸ਼ ਮੰਨੇ।
ਜੇਲ੍ਹ ਤੋਂ ਫੋਨ ਇੰਟਰਵਿਊ ਦੌਰਾਨ ਉਸਨੇ ਆਪਣੇ ਕੀਤੇ ‘ਤੇ ਵਾਰ-ਵਾਰ ਮਾਫ਼ੀ ਮੰਗੀ ਅਤੇ ਕਿਹਾ, “ਮੈਂ ਮਾਫ਼ੀ ਚਾਹੁੰਦਾ ਹਾਂ, ਮੈਂ ਸੱਚਮੁੱਚ ਮਾਫ਼ੀ ਚਾਹੁੰਦਾ ਹਾਂ।” ਉਸਦੇ ਵਕੀਲ ਮੋ ਵਾਯੇਘਨ ਨੇ ਅਦਾਲਤ ਵਿੱਚ ਦੱਸਿਆ ਕਿ ਉਹ psychiatric report ਦੀ ਮੰਗ ਕਰਨਗੇ ਅਤੇ ਕਿਹਾ ਕਿ ਕਾਸਿਮ ਦੀ ਮਾਨਸਿਕ ਸਿਹਤ ਨਾਲ ਸੰਬੰਧਤ ਗੰਭੀਰ ਇਤਿਹਾਸ ਹੈ, ਜਿਸ ਵਿੱਚ ਬਾਈਪੋਲਰ ਡਿਸਆਰਡਰ ਅਤੇ ਸਕਿਜੋਫ੍ਰੇਨੀਆ ਸ਼ਾਮਲ ਹਨ।
ਕਾਸਿਮ ਨੂੰ ਪਿਛਲੇ ਸਾਲ 15 ਜੁਲਾਈ ਨੂੰ ਵੈਂਕੂਵਰ ਏਅਰਪੋਰਟ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਸਨੇ ਵਿਕਟੋਰੀਆ ਵਿੱਚ ਇੱਕ ਫਲਾਈਟ ਇੰਸਟ੍ਰਕਟਰ ਨੂੰ ਧਮਕੀ ਦੇ ਕੇ ਸੈਸਨਾ ਜਹਾਜ਼ ਕਬਜ਼ੇ ਵਿੱਚ ਲਿਆ ਅਤੇ ਉਸਨੂੰ ਵੈਂਕੂਵਰ ਉਡਾ ਲਿਆਇਆ। ਇਸ ਘਟਨਾ ਕਾਰਨ ਏਅਰਪੋਰਟ ਦੀਆਂ ਕਾਰਵਾਈਆਂ ਰੋਕ ਦਿੱਤੀਆਂ ਗਈਆਂ ਅਤੇ ਕਈ ਉਡਾਣਾਂ ਨੂੰ ਮੋੜਨਾ ਪਿਆ। ਕਾਸਿਮ ਨੇ ਕਿਹਾ ਕਿ ਉਸਦਾ ਮਕਸਦ ਕਲਾਈਮਟ ਐਮਰਜੈਂਸੀ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਉਹ ਅਗਲੀ ਸੁਣਵਾਈ ਲਈ 28 ਮਈ ਨੂੰ ਅਦਾਲਤ ਵਿੱਚ ਪੇਸ਼ ਹੋਵੇਗਾ। ਹਾਈਜੈਕਿੰਗ ਦੇ ਦੋਸ਼ ‘ਚ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।