BC ਦੀ ਵਿਧਾਨ ਸਭਾ ਵਿਚ ਹੰਗਾਮਾ; MLA ਦੇ ਬਿਆਨ ਤੋਂ ਬਾਅਦ ਆਈ ਤਿੱਖੀ ਪ੍ਰਤੀਕਿਰਿਆ
ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿੱਚ ਇਕ ਵੱਡਾ ਵਿਵਾਦ ਖੜਾ ਹੋ ਗਿਆ ਹੈ, ਜਦੋਂ ਇੰਡੀਪੈਂਡੈਂਟ ਐਮਐਲਏ ਟਾਰਾ ਆਰਮਸਟ੍ਰਾਂਗ ਨੂੰ ਆਪਣੇ ਬਿਆਨ ਵਾਪਸ ਲੈਣ ਲਈ ਕਿਹਾ ਗਿਆ। ਫਰਸਟ ਨੇਸ਼ਨਜ਼ ਟ੍ਰੀਟੀ ‘ਤੇ ਚੱਲ ਰਹੀ ਚਰਚਾ ਦੌਰਾਨ, ਆਰਮਸਟ੍ਰਾਂਗ ਨੇ “ਬਲੱਡ ਐਂਡ ਸੌਇਲ” ਵਰਗਾ ਸ਼ਬਦ ਵਰਤਿਆ, ਜਿਸਨੂੰ ਆਲੋਚਕਾਂ ਨੇ ਨਾਜ਼ੀ ਵਿਚਾਰਧਾਰਾ ਨਾਲ ਜੋੜਿਆ। ਇਹ ਟਿੱਪਣੀ ਕੋਮੋਕਸ ਫਰਸਟ ਨੇਸ਼ਨ ਟ੍ਰੀਟੀ ਐਕਟ ‘ਤੇ ਬਹਿਸ ਦੌਰਾਨ ਕੀਤੀ ਗਈ ਸੀ, ਜਿਸ ਨਾਲ ਸਦਨ ਵਿੱਚ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ।
ਸਰੀ-ਕਲੋਵਰਡੇਲ ਦੀ ਐਮਐਲਏ ਏਲੀਨੋਰ ਸਟਰਕੋ ਨੇ ਇਸ ਭਾਸ਼ਾ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸ਼ਬਦ ਸਦਨ ਵਿੱਚ ਕਦੇ ਵੀ ਵਰਤੇ ਨਹੀਂ ਜਾਣੇ ਚਾਹੀਦੇ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਆਰਮਸਟ੍ਰਾਂਗ ਨੇ ਆਦਿਵਾਸੀ ਲੋਕਾਂ ਬਾਰੇ ਗਲਤ ਜਾਣਕਾਰੀ ਫੈਲਾਈ ਹੈ। ਸਰੀ ਸਿਟੀ ਸੈਂਟਰ ਦੀ ਐਮਐਲਏ ਅਮਨਾ ਸ਼ਾਹ ਨੇ ਵੀ ਇਸ ਬਿਆਨ ਨੂੰ “ਘਿਨਾਉਣਾ” ਅਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲਾ ਕਰਾਰ ਦਿੱਤਾ।
ਪ੍ਰੀਮੀਅਰ ਡੇਵਿਡ ਈਬੀ ਨੇ ਵੀ ਇਸ ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਨਾਜ਼ੀ ਭਾਸ਼ਾ ਦਾ ਇਸ ਤਰ੍ਹਾਂ ਵਰਤਣਾ ਬਿਲਕੁਲ ਅਸਵੀਕਾਰਯੋਗ ਹੈ। ਦੂਜੇ ਪਾਸੇ, ਆਰਮਸਟ੍ਰਾਂਗ ਨੇ ਆਪਣੇ ਬਿਆਨ ਦਾ ਬਚਾਅ ਕਰਦਿਆਂ ਪ੍ਰੀਮੀਅਰ ‘ਤੇ ਹੀ ਵਾਪਸੀ ਹਮਲਾ ਕੀਤਾ। ਇਸ ਮਾਮਲੇ ‘ਚ ਬੀ.ਸੀ. ਗ੍ਰੀਨ ਪਾਰਟੀ ਨੇ ਇੱਕ ਸੈਂਸਰ ਮੋਸ਼ਨ ਵੀ ਪੇਸ਼ ਕੀਤਾ ਹੈ, ਜਿਸਦੇ ਪਾਸ ਹੋਣ ‘ਤੇ ਆਰਮਸਟ੍ਰਾਂਗ ਨੂੰ ਆਪਣਾ ਬਿਆਨ ਵਾਪਸ ਲੈਣਾ ਪਵੇਗਾ ਨਹੀਂ ਤਾਂ ਉਹ ਸਦਨ ਦੀ ਕਾਰਵਾਈ ‘ਚ ਹਿੱਸਾ ਨਹੀਂ ਲੈ ਸਕੇਗੀ।