BC ਦੇ ਸਾਊਥ ਕੋਸਟ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਦਾ ਖਤਰਾ ਵਧਿਆ

BC ਦੇ ਸਾਊਥ ਕੋਸਟ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਦਾ ਖਤਰਾ ਵਧ ਗਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਹੋਰ 50 ਤੋਂ 150 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ, ਜਿਸ ਨਾਲ ਪਿਛਲੇ ਹਫ਼ਤੇ ਪਏ 100 ਤੋਂ 170 ਮਿਲੀਮੀਟਰ ਮੀਂਹ ਵਿੱਚ ਹੋਰ ਵਾਧਾ ਹੋਵੇਗਾ। ਹਾਈਡਰੋਲੋਜਿਸਟ ਜੌਨਾਥਨ ਬੋਇਡ ਨੇ ਕਿਹਾ ਕਿ “ATMOSPHERIC RIVER” ਬਦਲ ਸਕਦੇ ਹਨ, ਇਸ ਲਈ ਇਹ ਦੱਸਣਾ ਮੁਸ਼ਕਲ ਹੈ ਕਿ ਹੜ੍ਹ ਕਿੱਥੇ ਆਵੇਗਾ।

ਨਾਰਥ ਸ਼ੋਰ ਦੇ ਇਲਾਕੇ ਵਿੱਚ Seymour River ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਹੋਰ ਵਧਣ ਦੀ ਸੰਭਾਵਨਾ ਹੈ, ਕਿਉਂਕਿ ਮੀਂਹ ਦੇ ਨਾਲ ਬਰਫ਼ ਪਿਘਲਣ ਦਾ ਪ੍ਰਭਾਵ ਵੀ ਸ਼ਾਮਲ ਹੋ ਰਿਹਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਤੇਜ਼ ਵਗ ਰਹੀਆਂ ਨਦੀਆਂ ਦੇ ਨੇੜੇ ਨਾ ਜਾਣ, ਕਿਉਂਕਿ ਕੰਢੇ ਕਮਜ਼ੋਰ ਹੋ ਸਕਦੇ ਹਨ ਅਤੇ ਹਾਦਸੇ ਦਾ ਖਤਰਾ ਵਧ ਸਕਦਾ ਹੈ।

District of North Vancouver ਦੇ ਅਧਿਕਾਰੀ ਪੀਟਰ ਕੋਹੇਨ ਨੇ ਕਿਹਾ ਕਿ ਉਹ ਸਥਿਤੀ ‘ਤੇ ਨਿਗਰਾਨੀ ਰੱਖ ਰਹੇ ਹਨ ਅਤੇ ਕਰਮਚਾਰੀ ਡਰੇਨ, ਕਲਵਰਟ ਅਤੇ ਹੋਰ ਸੰਵੇਦਨਸ਼ੀਲ ਖੇਤਰਾਂ ਦੀ ਜਾਂਚ ਕਰ ਰਹੇ ਹਨ। ਲੋਕਾਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਡਰੇਨ ਸਾਫ਼ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਪਾਣੀ ਜਮ੍ਹਾਂ ਨਾ ਹੋਵੇ।

River Forecast Centre ਦੇ ਅਨੁਸਾਰ, ਪਾਣੀ ਦੇ ਵੱਧ ਤੋਂ ਵੱਧ ਪੱਧਰ ਵੀਰਵਾਰ ਤੋਂ ਸ਼ਨੀਵਾਰ ਤੱਕ ਰਹਿ ਸਕਦੇ ਹਨ, ਕੁਝ ਇਲਾਕਿਆਂ ਵਿੱਚ ਇਹ 2 ਤੋਂ 5 ਸਾਲਾਂ ਵਿੱਚ ਇਕ ਵਾਰ ਆਉਣ ਵਾਲੇ ਪੱਧਰ ਤੱਕ ਪਹੁੰਚ ਸਕਦਾ ਹੈ।

ਇਸ ਦੇ ਨਾਲ ਹੀ, Central Coast Regional District ਨੇ ਮਾਰਟਿਨ ਵੈਲੀ ਖੇਤਰ ਵਿੱਚ ਐਮਰਜੈਂਸੀ ਐਲਾਨੀ ਹੈ ਅਤੇ ਕੁਝ ਘਰਾਂ ਲਈ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ ਕਿਉਂਕਿ ਲੈਂਡਸਲਾਈਡ ਅਤੇ ਹੜ੍ਹ ਦਾ ਖਤਰਾ ਹੈ। ਹਾਲਾਂਕਿ ਹਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ, ਪਰ ਕੁਝ ਘਰਾਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ।

ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਆ ਨੂੰ ਪਹਿਲ ਦੇਣ ਅਤੇ ਖਤਰਨਾਕ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ, ਕਿਉਂਕਿ ਭਾਰੀ ਮੀਂਹ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿ ਸਕਦਾ ਹੈ।

ਇਸ ਲੇਖ ਨੂੰ ਸਾਂਝਾ ਕਰੋ: