Blood donation ਦੀ ਘਾਟ ਨਾਲ ਜੂਝ ਰਿਹਾ ਹੈ ਕੈਨੇਡਾ, ਸੰਸਥਾ ਨੇ ਲੋਕਾਂ ਨੂੰ ਕੀਤੀ ਖੂਨ ਦਾਨ ਕਰਨ ਦੀ ਅਪੀਲ
ਕੈਨੇਡੀਅਨ ਬਲੱਡ ਸਰਵਿਸਿਜ਼ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਖੂਨ ਦੀ ਕਮੀ ਪੈਦਾ ਹੋ ਰਹੀ ਹੈ ਕਿਉਂਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਖੂਨਦਾਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸੰਸਥਾ ਮੁਤਾਬਕ 1 ਜੂਨ ਤੋਂ ਹੁਣ ਤੱਕ ਖੂਨ ਦੀ ਸਪਲਾਈ ਲਗਭਗ 20 ਫੀਸਦੀ ਘਟ ਗਈ ਹੈ, ਜੋ ਗਰਮੀਆਂ ਦੌਰਾਨ ਆਮ ਤੌਰ 'ਤੇ ਆਉਣ ਵਾਲੀ ਕਮੀ ਨਾਲੋਂ ਵੀ ਵੱਧ ਹੈ। ਖੂਨਦਾਨ ਲਈ ਅਪਾਇੰਟਮੈਂਟ ਬੁੱਕ ਕਰਨ ਦੀ ਅਪੀਲ ਕੀਤੀ ਗਈ ਹੈ। ਕੈਨੇਡੀਅਨ ਬਲੱਡ ਸਰਵਿਸਿਜ਼ ਦਾ ਕਹਿਣਾ ਹੈ ਕਿ ਸਾਰੇ ਬਲੱਡ ਗਰੁੱਪਾਂ ਦੀ ਲੋੜ ਹੈ ਅਤੇ ਹਰ ਹਫ਼ਤੇ ਹਸਪਤਾਲਾਂ ਦੀ ਮੰਗ ਪੂਰੀ ਕਰਨ ਲਈ ਕਰੀਬ 18 ਹਜ਼ਾਰ ਖੂਨਦਾਨ ਚਾਹੀਦੇ ਹਨ। ਪਰ ਇਸ ਵੇਲੇ ਹਰ ਹਫ਼ਤੇ 1,500 ਤੋਂ 2,500 ਅਪਾਇੰਟਮੈਂਟਾਂ ਦੀ ਕਮੀ ਆ ਰਹੀ ਹੈ। ਉਧਰ ਹੀਮਾ-ਕਿਊਬੈਕ ਨੇ ਵੀ ਦੱਸਿਆ ਹੈ ਕਿ ਕਿਊਬੈਕ ਵਿੱਚ ਜੂਨ ਦੇ ਅਖੀਰ ਤੋਂ ਖੂਨਦਾਨ ਘਟਿਆ ਹੈ। ਉੱਥੇ ਹਰ ਰੋਜ਼ ਕਰੀਬ 1,000 ਖੂਨਦਾਨਾਂ ਦੀ ਲੋੜ ਹੁੰਦੀ ਹੈ। ਸੰਸਥਾ ਨੇ ਯਾਦ ਦਿਵਾਇਆ ਕਿ ਖੂਨ ਸਿਰਫ਼ 42 ਦਿਨ ਤੱਕ ਹੀ ਵਰਤਣਯੋਗ ਰਹਿੰਦਾ ਹੈ। ਇਸ ਲਈ ਹਰ ਨਵਾਂ ਖੂਨਦਾਨ ਜਲਦੀ ਹੀ ਕਿਸੇ ਮਰੀਜ਼ ਦੀ ਜਾਨ ਬਚਾਉਣ ਵਿੱਚ ਮਦਦ ਕਰ ਸਕਦਾ ਹੈ। ਆਉਣ ਵਾਲੇ ਅਗਸਤ ਲਾਂਗ ਵੀਕਐਂਡ ਨੂੰ ਦੇਖਦੇ ਹੋਏ ਵਧੇਰੇ ਵੀਕਐਂਡ ਅਪਾਇੰਟਮੈਂਟਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ।