CEASEFIRE ਤੋਂ ਬਾਅਦ ਈਰਾਨ ਨੇ Strait of Hormuz ਨੂੰ ਮੁੜ ਕਰ ਦਿੱਤਾ ਬੰਦ
ਲੈਬਨਾਨ ਵਿੱਚ ਹਿਜਬੁੱਲਾਹ ਗਰੁੱਪ ‘ਤੇ ਇਸਰਾਈਲੀ ਹਮਲਿਆਂ ਦੇ ਵਿਰੁੱਧ ਜਵਾਬ ਵਿੱਚ ਈਰਾਨ ਨੇ ਬੁੱਧਵਾਰ ਨੂੰ Strait of Hormuz ਨੂੰ ਮੁੜ ਬੰਦ ਕਰ ਦਿੱਤਾ ਹੈ। ਇਸ ਕਦਮ ਨਾਲ ਪਹਿਲਾਂ ਹੀ ਨਾਜ਼ੁਕ ਮੰਨੇ ਜਾ ਰਹੇ ਸੀਜ਼ਫਾਇਰ ਦੇ ਟਿਕਣ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਅਮਰੀਕਾ ਅਤੇ ਈਰਾਨ ਨੇ ਸਮਝੌਤੇ ਨੂੰ ਆਪਣੀ ਜਿੱਤ ਕਰਾਰ ਦਿੱਤਾ ਹੈ ਅਤੇ ਕਈ ਵਿਸ਼ਵ ਨੇਤਾਵਾਂ ਨੇ ਰਾਹਤ ਮਹਿਸੂਸ ਕੀਤੀ, ਪਰ ਇਸ ਦੇ ਬਾਵਜੂਦ ਡਰੋਨ ਅਤੇ ਮਿਸਾਈਲ ਹਮਲੇ ਜਾਰੀ ਰਹੇ। ਇਸਰਾਈਲ ਨੇ ਵੀ ਲੈਬਨਾਨ ਵਿੱਚ ਹਮਲੇ ਤੇਜ਼ ਕਰ ਦਿੱਤੇ, ਜਿਸ ਵਿੱਚ ਬੇਰੂਤ ਦੇ ਵਪਾਰਕ ਅਤੇ ਰਹਾਇਸ਼ੀ ਇਲਾਕਿਆਂ ਨੂੰ ਬਿਨਾਂ ਚੇਤਾਵਨੀ ਨਿਸ਼ਾਨਾ ਬਣਾਇਆ ਗਿਆ, ਅਤੇ ਇੱਕ ਹੀ ਦਿਨ ਵਿੱਚ ਘੱਟੋ-ਘੱਟ 112 ਲੋਕਾਂ ਦੀ ਮੌਤ ਅਤੇ ਸੈਂਕੜਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ।
ਨਵੇਂ ਹਿੰਸਕ ਹਾਲਾਤਾਂ ਨੇ ਉਸ ਸਮਝੌਤੇ ਨੂੰ ਖਤਰੇ ਵਿੱਚ ਪਾ ਦਿੱਤਾ ਹੈ, ਜਿਸਨੂੰ ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ “ਨਾਜ਼ੁਕ” ਕਰਾਰ ਦਿੱਤਾ ਸੀ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਲੈਬਨਾਨ ‘ਤੇ ਹਮਲੇ ਉਸਦੇ ਖ਼ਿਲਾਫ਼ ਹਮਲੇ ਮੰਨੇ ਜਾਣਗੇ ਅਤੇ ਇਸਦਾ “ਭਾਰੀ ਜਵਾਬ” ਦਿੱਤਾ ਜਾਵੇਗਾ।
ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਇਸ ਸਥਿਤੀ ਨੂੰ “ਸੈਨਿਕ ਜਿੱਤ” ਕਿਹਾ, ਜਦਕਿ ਈਰਾਨ ਨੇ ਦਾਅਵਾ ਕੀਤਾ ਕਿ ਉਸਨੇ ਅਮਰੀਕਾ ਅਤੇ ਇਸਰਾਈਲ ਨੂੰ ਆਪਣੀਆਂ ਸ਼ਰਤਾਂ ਮੰਨਣ ਲਈ ਮਜਬੂਰ ਕੀਤਾ। ਹਾਲਾਂਕਿ ਸਮਝੌਤੇ ਦੀਆਂ ਸ਼ਰਤਾਂ ਬਾਰੇ ਅਜੇ ਵੀ ਸਪਸ਼ਟਤਾ ਨਹੀਂ ਹੈ, ਜਿਸ ਵਿੱਚ ਹੋਰਮੁਜ਼ ਰਾਹੀਂ ਜਹਾਜ਼ਾਂ ਦੀ ਆਵਾਜਾਈ ਅਤੇ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਦਾ ਭਵਿੱਖ ਸ਼ਾਮਲ ਹੈ।