Child support ਨਾ ਦੇਣ ਵਾਲੇ ਵਿਅਕਤੀ ਨੂੰ ਜੱਜ ਨੇ ਸੁਣਾਈ ਜੇਲ ਦੀ ਸਜ਼ਾ
ਬੀ.ਸੀ. ਦੀ ਅਦਾਲਤ ਨੇ ਆਪਣੇ ਬੱਚੇ ਦੀ ਮਾਂ ਨੂੰ ਹਜ਼ਾਰਾਂ ਡਾਲਰ ਚਾਈਲਡ ਸਪੋਰਟ ਨਾ ਦੇਣ ਵਾਲੇ ਇੱਕ ਵਿਅਕਤੀ ਨੂੰ 15 ਦਿਨ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਸੁਣਵਾਈ ਸਮੇਂ ਉਸ ਉੱਤੇ 37 ਹਜ਼ਾਰ ਡਾਲਰ ਤੋਂ ਵੱਧ ਦੀ ਬਕਾਇਆ ਰਕਮ ਸੀ।
ਜੱਜ ਮੀਕਾ ਰੈਂਕਿਨ ਨੇ ਕਿਹਾ ਕਿ ਵਿਅਕਤੀ ਇਹ ਸਾਬਤ ਨਹੀਂ ਕਰ ਸਕਿਆ ਕਿ ਉਸ ਦੀ ਆਰਥਿਕ ਹਾਲਤ ਇੰਨੀ ਬਦਲ ਗਈ ਸੀ ਕਿ ਉਹ ਭੁਗਤਾਨ ਕਰਨ ਦੇ ਯੋਗ ਨਹੀਂ ਸੀ। ਜੱਜ ਨੇ ਉਸ ਦੀ ਗਵਾਹੀ ਨੂੰ ਵੀ ਭਰੋਸੇਯੋਗ ਨਹੀਂ ਮੰਨਿਆ। ਅਦਾਲਤ ਨੇ ਸੁਣਿਆ ਕਿ ਪਿਤਾ ਬੱਚੇ ਦੀ ਪਰਵਰਿਸ਼ ਵਿੱਚ ਸ਼ਾਮਲ ਨਹੀਂ ਰਿਹਾ ਅਤੇ ਸਾਰੀ ਜ਼ਿੰਮੇਵਾਰੀ ਮਾਂ ਨੇ ਨਿਭਾਈ। 2024 ਵਿੱਚ ਉਸ ਨੇ ਹਰ ਮਹੀਨੇ 2,500 ਡਾਲਰ ਚਾਈਲਡ ਸਪੋਰਟ ਅਤੇ ਪੁਰਾਣਾ ਬਕਾਇਆ ਅਦਾ ਕਰਨ ਲਈ ਸਹਿਮਤੀ ਦਿੱਤੀ ਸੀ, ਪਰ ਬਾਅਦ ਵਿੱਚ ਵੀ ਉਹ ਲਗਾਤਾਰ ਭੁਗਤਾਨ ਕਰਨ ਵਿੱਚ ਨਾਕਾਮ ਰਿਹਾ। ਜੱਜ ਨੇ ਇਹ ਵੀ ਨੋਟ ਕੀਤਾ ਕਿ ਉਸ ਨੇ ਆਪਣੇ ਕਾਰੋਬਾਰੀ ਖਾਤੇ ਵਿੱਚੋਂ ਆਨਲਾਈਨ ਜੂਆ, ਨਾਈਟ ਕਲੱਬ, ਹਵਾਈ ਟਿਕਟਾਂ, ਸਨਗਲਾਸਜ਼ ਅਤੇ ਰੈਸਟੋਰੈਂਟਾਂ 'ਤੇ ਪੈਸਾ ਖਰਚ ਕੀਤਾ, ਜਦਕਿ ਉਹੀ ਰਕਮ ਆਪਣੇ ਬੱਚੇ ਦੀ ਸਹਾਇਤਾ ਲਈ ਵਰਤੀ ਜਾ ਸਕਦੀ ਸੀ।