ਟੋਰਾਂਟੋ ਦੀ ਇੱਕ ਡਾਕਟਰ ਦਾ ਮੈਡੀਕਲ ਲਾਇਸੈਂਸ ਰੱਦ, COVID-19 ਨਾਲ ਸੰਬੰਧਿਤ ਮਾਮਲਾ
ਓਂਟਾਰਿਓ ਫਿਜ਼ੀਸ਼ਨਜ਼ ਐਂਡ ਸਰਜਨਜ਼ ਡਿਸਿਪਲਿਨ ਟ੍ਰਿਬਿਊਨਲ ਨੇ ਟੋਰਾਂਟੋ ਦੀ ਇਕ ਡਾਕਟਰ ਦਾ ਮੈਡੀਕਲ ਲਾਇਸੈਂਸ ਰੱਦ ਕਰ ਦਿੱਤਾ ਹੈ, ਜਿਸ ’ਤੇ ਦੋਸ਼ ਹੈ ਕਿ ਉਸਨੇ COVID-19 ਨਾਲ ਸੰਬੰਧਿਤ 1,000 ਤੋਂ ਵੱਧ ਐਗਜ਼ੈਂਪਸ਼ਨ ਲੈਟਰ ਲਿਖ ਕੇ ਗੈਰ-ਮਿਆਰੀ ਢੰਗ ਨਾਲ ਨਫ਼ਾ ਕਮਾਇਆ। ਟ੍ਰਿਬਿਊਨਲ ਦੇ ਫ਼ੈਸਲੇ ਮੁਤਾਬਕ, ਅਗਸਤ ਤੋਂ ਅਕਤੂਬਰ 2021 ਦੇ ਤਿੰਨ ਮਹੀਨਿਆਂ ਦੌਰਾਨ ਡਾ. ਸੈਲੇਸਟ ਜੀਨ ਥਿਰਵੈਲ ਨੇ ਕੁੱਲ 1,425 ਐਗਜ਼ੈਂਪਸ਼ਨ ਲੈਟਰ ਜਾਰੀ ਕੀਤੇ, ਜਿਨ੍ਹਾਂ ਵਿੱਚ ਵੈਕਸੀਨ, ਮਾਸਕ ਅਤੇ ਟੈਸਟਿੰਗ ਨਾਲ ਸੰਬੰਧਿਤ ਛੂਟਾਂ ਸ਼ਾਮਲ ਸਨ।
ਟ੍ਰਿਬਿਊਨਲ ਨੇ ਕਿਹਾ ਕਿ ਇਹ ਸੇਵਾਵਾਂ ਮੁੱਖ ਤੌਰ ’ਤੇ ਨਫ਼ੇ ਲਈ ਦਿੱਤੀਆਂ ਗਈਆਂ ਅਤੇ ਮੈਡੀਕਲ ਮਿਆਰਾਂ ਦੀ ਪਾਲਣਾ ਨਹੀਂ ਕੀਤੀ ਗਈ। ਪਹਿਲੀ ਵਾਰ ਆਉਣ ਵਾਲੇ ਮਰੀਜ਼ਾਂ ਤੋਂ ਇੱਕ ਐਗਜ਼ੈਂਪਸ਼ਨ ਲੈਟਰ ਲਈ ਲਗਭਗ $300 ਲਏ ਜਾਂਦੇ ਸਨ ਅਤੇ ਇਹ ਫੀਸਾਂ OHIP ਰਾਹੀਂ ਬਿਲ ਨਹੀਂ ਕੀਤੀਆਂ ਜਾਂਦੀਆਂ ਸਨ। ਮਰੀਜ਼ਾਂ ਨੂੰ ਇਮੇਲ ਰਾਹੀਂ ਪ੍ਰਕਿਰਿਆ ਅਤੇ ਖਰਚੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ ਅਤੇ ਕੁਝ ਹਾਲਾਤਾਂ ਵਿੱਚ ਪਰਿਵਾਰਕ ਮੈਂਬਰਾਂ ਲਈ ਛੂਟ ਵੀ ਦਿੱਤੀ ਜਾਂਦੀ ਸੀ।
ਫ਼ੈਸਲੇ ਵਿੱਚ ਦਰਸਾਇਆ ਗਿਆ ਕਿ ਡਾਕਟਰ ਨੇ ਬਹੁਤ ਸਾਰੇ ਮਰੀਜ਼ਾਂ ਨੂੰ ਟੈਲੀਫ਼ੋਨ ਰਾਹੀਂ ਹੀ diagnosed ਕੀਤਾ ਅਤੇ ਇਕ ਦਿਨ ਵਿੱਚ ਸੈਂਕੜਿਆਂ ਮਰੀਜ਼ਾਂ ਨਾਲ ਸੰਪਰਕ ਕੀਤਾ। ਉਸਨੇ ਮਰੀਜ਼ਾਂ ਦੇ ਪ੍ਰਾਇਮਰੀ ਕੇਅਰ ਡਾਕਟਰਾਂ ਨਾਲ ਜਾਣਕਾਰੀ ਸਾਂਝੀ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਕਾਪੀ ਭੇਜੀ। ਟ੍ਰਿਬਿਊਨਲ ਨੇ ਇਹ ਵੀ ਕਿਹਾ ਕਿ ਉਸਦੇ ਕੋਲ ਇਮਿਊਨੋਲੋਜੀ ਜਾਂ ਪਬਲਿਕ ਹੈਲਥ ਦੀ ਖਾਸ ਟ੍ਰੇਨਿੰਗ ਨਹੀਂ ਸੀ ਅਤੇ ਉਸਨੇ ਮਰੀਜ਼ਾਂ ਦੀ ਜਾਣਕਾਰੀ ਸਹੀ ਤਰੀਕੇ ਨਾਲ ਨਹੀਂ ਸੰਭਾਲੀ ।
ਅੰਤ ਵਿੱਚ, ਟ੍ਰਿਬਿਊਨਲ ਨੇ ਉਸਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਅਤੇ ਲਗਭਗ $10,370 ਦਾ ਜੁਰਮਾਨਾ ਵੀ ਲਗਾਇਆ, ਇਹ ਕਹਿੰਦੇ ਹੋਏ ਕਿ ਉਸਦੀ ਪੇਸ਼ੇਵਰ ਸਮਰੱਥਾ ਅਤੇ ਵਰਤਾਰਾ ਮਿਆਰਾਂ ’ਤੇ ਖਰਾ ਨਹੀਂ ਉਤਰਦਾ।