ਵੈਂਕੂਵਰ ਆਧਾਰਿਤ ਸੋਸ਼ਲ ਮੀਡੀਆ ਕੰਪਨੀ ਦੇ ਬਾਹਰ ਅੱਜ ਹੋਵੇਗਾ ICE ਵਿਰੋਧੀ ਪ੍ਰਦਰਸ਼ਨ

ਵੈਂਕੂਵਰ ਆਧਾਰਿਤ ਸੋਸ਼ਲ ਮੀਡੀਆ ਕੰਪਨੀ ਹੁਟਸੂਟ ਆਪਣੇ ਮੁੱਖ ਦਫ਼ਤਰ ਬਾਹਰ ਅੱਜ ਦੁਪਹਿਰ ਹੋਣ ਵਾਲੇ ਵੱਡੇ ਪ੍ਰਦਰਸ਼ਨ ਲਈ ਤਿਆਰੀ ਕਰ ਰਹੀ ਹੈ, ਜੋ ਅਮਰੀਕੀ ਇਮੀਗ੍ਰੇਸ਼ਨ ਐਨਫੋਰਸਮੈਂਟ ਨਾਲ ਜੁੜੇ ਇਕ ਸਮਝੌਤੇ ਖ਼ਿਲਾਫ਼ ਵਧ ਰਹੇ ਵਿਰੋਧ ਦੇ ਦਰਮਿਆਨ ਕੀਤਾ ਜਾ ਰਿਹਾ ਹੈ। ਡੈਮੋਕ੍ਰੈਸੀ ਰਾਈਜ਼ਿੰਗ ਵੱਲੋਂ ਆਯੋਜਿਤ ਇਹ ਪ੍ਰਦਰਸ਼ਨ ਦੁਪਹਿਰ 3 ਵਜੇ 5ਵੀਂ ਐਵੇਨਿਊ ਅਤੇ ਕਿਊਬੈਕ ਸਟ੍ਰੀਟ ਨੇੜੇ ਹੁਟਸੂਟ ਦੇ ਦਫ਼ਤਰਾਂ ਬਾਹਰ ਹੋਵੇਗਾ, ਜਿੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਕੰਪਨੀ ਨੂੰ 2024 ਵਿੱਚ ਅਮਰੀਕੀ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ ਨਾਲ ਕੀਤੇ ਸਮਝੌਤੇ ਨੂੰ ਖਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਅਮਰੀਕੀ ਸਰਕਾਰੀ ਰਿਕਾਰਡਾਂ ਮੁਤਾਬਕ ਇਹ ਸਮਝੌਤਾ, ਜੋ ਇੱਕ ਫੈਡਰਲ ਠੇਕੇਦਾਰ ਰਾਹੀਂ ਕੀਤਾ ਗਿਆ, 28 ਲੱਖ ਅਮਰੀਕੀ ਡਾਲਰ ਤੱਕ ਦਾ ਹੈ ਅਤੇ ਇਸ ਵਿੱਚ ਸੋਸ਼ਲ ਮੀਡੀਆ ਮੈਨੇਜਮੈਂਟ ਟੂਲਜ਼ ਅਤੇ ਸਹਾਇਤਾ ਸੇਵਾਵਾਂ ਸ਼ਾਮਲ ਹਨ। ਡੈਮੋਕ੍ਰੈਸੀ ਰਾਈਜ਼ਿੰਗ ਦੀ co-founder ਕਲਿਸੀ ਫੇਰੇੱਟੀ-ਗੈਲਨ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਕੈਨੇਡੀਅਨ ਕੰਪਨੀਆਂ ਵੱਲੋਂ ਆਈਸ ਨਾਲ ਕਾਰੋਬਾਰ ਕਰਨ ਨਾਲ ਜੁੜੀਆਂ ਨੈਤਿਕ ਚਿੰਤਾਵਾਂ ਵੱਲ ਧਿਆਨ ਖਿੱਚਣ ਲਈ ਹੈ। ਇਹ ਪ੍ਰਦਰਸ਼ਨ ਉਸ ਸਮੇਂ ਹੋ ਰਿਹਾ ਹੈ ਜਦੋਂ ਆਈਸ ਅਮਰੀਕਾ ਭਰ ਵਿੱਚ ਇਮੀਗ੍ਰੇਸ਼ਨ ਕਰੈਕਡਾਊਨ ਕਾਰਨ ਅੰਤਰਰਾਸ਼ਟਰੀ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ, ਖ਼ਾਸ ਕਰਕੇ ਮਿਨੀਸੋਟਾ ਵਿੱਚ, ਜਿੱਥੇ ਇਸ ਮਹੀਨੇ ਫੈਡਰਲ ਏਜੰਟਾਂ ਨਾਲ ਜੁੜੀਆਂ ਦੋ ਵੱਖ-ਵੱਖ ਗੋਲੀਬਾਰੀ ਘਟਨਾਵਾਂ ਵਿੱਚ ਦੋ ਅਮਰੀਕੀ ਨਾਗਰਿਕ ਮਾਰੇ ਗਏ। ਇਸ ਹਫ਼ਤੇ ਪਹਿਲਾਂ ਜਾਰੀ ਬਿਆਨ ਵਿੱਚ ਹੁਟਸੂਟ ਦੀ ਸੀਈਓ ਇਰੀਨਾ ਨੋਵੋਸੈਲਸਕੀ ਨੇ ਆਈਸ ਦੀਆਂ “ਵਿਨਾਸ਼ਕਾਰੀ” ਕਾਰਵਾਈਆਂ ਨੂੰ ਮੰਨਿਆ ਪਰ ਕਿਹਾ ਕਿ ਇਹ ਸਮਝੌਤਾ ਕਿਸੇ ਵਿਅਕਤੀ ਦੀ ਟ੍ਰੈਕਿੰਗ ਜਾਂ ਨਿਗਰਾਨੀ ਨਾਲ ਸਬੰਧਿਤ ਨਹੀਂ ਹੈ, ਹਾਲਾਂਕਿ ਡੈਮੋਕ੍ਰੈਸੀ ਰਾਈਜ਼ਿੰਗ ਦਾ ਕਹਿਣਾ ਹੈ ਕਿ ਸੰਚਾਰ ਸਾਧਨ ਮੁਹੱਈਆ ਕਰਵਾਉਣਾ ਵੀ ਐਨਫੋਰਸਮੈਂਟ ਕਾਰਵਾਈਆਂ ਨੂੰ ਸਿੱਧਾ ਸਮਰਥਨ ਦਿੰਦਾ ਹੈ। ਆਯੋਜਕਾਂ ਮੁਤਾਬਕ 200 ਤੋਂ 500 ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਅਤੇ ਵੈਂਕੂਵਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਪ੍ਰਦਰਸ਼ਨ ਤੋਂ ਵਾਕਿਫ਼ ਹਨ ਅਤੇ ਇਲਾਕੇ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਵਾਧੂ ਅਧਿਕਾਰੀ ਤਾਇਨਾਤ ਕੀਤੇ ਜਾਣਗੇ

ਇਸ ਲੇਖ ਨੂੰ ਸਾਂਝਾ ਕਰੋ: