New York ਦੇ Airport ਹਾਦਸੇ 'ਚ ਮ੍ਰਿਤਕ ਦੋ ਪਾਇਲਟਾਂ ਦੀ ਹੋਈ ਪਛਾਣ
ਨਿਊਯਾਰਕ ਦੇ LaGuardia Airport ‘ਤੇ Air Canada ਦੀ ਇੱਕ ਉਡਾਣ ਅਤੇ ਫਾਇਰ ਟਰੱਕ ਦਰਮਿਆਨ ਹੋਈ ਭਿਆਨਕ ਟੱਕਰ ਵਿੱਚ ਮਾਰੇ ਗਏ ਦੋ ਪਾਇਲਟਾਂ ਦੀ ਪਛਾਣ ਹੋ ਗਈ ਹੈ। ਮ੍ਰਿਤਕਾਂ ਵਿੱਚ Antoine Forest ਅਤੇ Mackenzie Gunther ਸ਼ਾਮਲ ਹਨ। Antoine Forest ਕਿਊਬੈਕ ਦੇ Coteau-du-Lac ਇਲਾਕੇ ਨਾਲ ਸੰਬੰਧਤ ਸੀ, ਜਦਕਿ Mackenzie Gunther ਨੇ 2023 ਵਿੱਚ Seneca Polytechnic ਤੋਂ ਐਵੀਏਸ਼ਨ ਟੈਕਨੋਲੋਜੀ ਦੀ ਪੜਾਈ ਪੂਰੀ ਕੀਤੀ ਸੀ ਅਤੇ ਬਾਅਦ ਵਿੱਚ Jazz Aviation ਨਾਲ ਜੁੜ ਗਿਆ ਸੀ।
Forest ਨੂੰ ਜਾਣਨ ਵਾਲਿਆਂ ਨੇ ਉਸਨੂੰ ਇੱਕ ਮਹਾਨ ਅਤੇ ਬਹੁਤ ਸਾਵਧਾਨ ਪਾਇਲਟ ਵਜੋਂ ਯਾਦ ਕੀਤਾ ਹੈ। ਸਥਾਨਕ ਲੋਕਾਂ ਦੇ ਮੁਤਾਬਕ, ਉਹ ਹਮੇਸ਼ਾ ਸੁਰੱਖਿਆ ਨੂੰ ਪਹਿਲ ਦਿੰਦਾ ਸੀ ਅਤੇ ਹਰ ਛੋਟੀ ਗੱਲ ਦੀ ਜਾਂਚ ਕਰਦਾ ਸੀ। ਇਹ ਹਾਦਸਾ ਐਤਵਾਰ ਰਾਤ ਕਰੀਬ 11:45 ਵਜੇ ਵਾਪਰਿਆ, ਜਦੋਂ CRJ-900 ਜਹਾਜ਼ 72 ਯਾਤਰੀਆਂ ਅਤੇ ਚਾਰ ਕਰੂ ਮੈਂਬਰਾਂ ਨਾਲ ਰਨਵੇ ‘ਤੇ ਉਤਰ ਰਿਹਾ ਸੀ। ਇਸੇ ਦੌਰਾਨ ਇੱਕ ਫਾਇਰ ਟਰੱਕ ਨੂੰ ਟਾਰਮੈਕ ਪਾਰ ਕਰਨ ਦੀ ਇਜਾਜ਼ਤ ਦਿੱਤੀ ਗਈ, ਪਰ ਆਖਰੀ ਪਲਾਂ ਵਿੱਚ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ , ਜੋ ਕਿ ਨਾਕਾਮ ਰਹੀ ਅਤੇ ਟੱਕਰ ਹੋ ਗਈ।
ਹਾਦਸੇ ਵਿੱਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਜ਼ਖ਼ਮੀ ਹੋਏ। ਘਟਨਾ ਦੀ ਜਾਂਚ National Transportation Safety Board ਅਤੇ Transportation Safety Board of Canada ਵੱਲੋਂ ਕੀਤੀ ਜਾ ਰਹੀ ਹੈ।