ਟੰਬਰ ਰਿਜ਼ਰਿਜ਼ ਗੋਲੀਬਾਰੀ ਮਾਮਲਾ: OpenAI ਅਤੇ ਸੈਮ ਆਲਟਮੈਨ ਖ਼ਿਲਾਫ਼ ਪਰਿਵਾਰਾਂ ਵੱਲੋਂ ਮੁਕੱਦਮੇ ਦਾਇਰ

ਟੰਬਰ ਰਿਜ਼ਰਿਜ਼ ਵਿੱਚ ਫਰਵਰੀ ਮਹੀਨੇ ਹੋਈ ਸਕੂਲ ਗੋਲੀਬਾਰੀ ਨਾਲ ਜੁੜੇ ਇੱਕ ਵੱਡੇ ਮਾਮਲੇ ਵਿੱਚ ਪ੍ਰਭਾਵਿਤ ਸੱਤ ਪਰਿਵਾਰਾਂ ਨੇ ਅਮਰੀਕਾ ਦੀ ਸੈਨ ਫ੍ਰਾਂਸਿਸਕੋ ਅਦਾਲਤ ਵਿੱਚ OpenAI ਅਤੇ ਇਸਦੇ CEO ਸੈਮ ਆਲਟਮੈਨ ਖ਼ਿਲਾਫ਼ ਮੁਕੱਦਮੇ ਦਾਇਰ ਕੀਤੇ ਹਨ। ਇਨ੍ਹਾਂ ਪਰਿਵਾਰਾਂ ਦਾ ਦਾਅਵਾ ਹੈ ਕਿ ਇਸ ਘਟਨਾ ਵਿੱਚ ਚੈਟਬੋਟ ChatGPT ਦੀ ਭੂਮਿਕਾ ਰਹੀ ਹੈ ਅਤੇ ਕੰਪਨੀ ਨੇ ਸੰਭਾਵਿਤ ਖਤਰੇ ਬਾਰੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ। ਇਸ ਹਮਲੇ ਵਿੱਚ 18 ਸਾਲਾ ਜੈਸੀ ਵੈਨ ਰੂਟਸੇਲਾਰ ਨੇ ਸਕੂਲ ਵਿੱਚ ਗੋਲੀਬਾਰੀ ਕੀਤੀ ਸੀ ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਕੁਝ ਜ਼ਖਮੀ ਹੋਏ ਸਨ। ਮੁਕੱਦਮਿਆਂ ਵਿੱਚ ਲਾਪਰਵਾਹੀ, ਉਤਪਾਦ ਜ਼ਿੰਮੇਵਾਰੀ ਅਤੇ ਕਾਰੋਬਾਰੀ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ। ਪਰਿਵਾਰਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਕੰਪਨੀ ਨੂੰ ਹਿੰਸਕ ਇਰਾਦਿਆਂ ਬਾਰੇ ਜਾਣਕਾਰੀ ਮਿਲੀ ਸੀ ਪਰ ਇਸ ਨੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ। OpenAI ਨੇ ਪਹਿਲਾਂ ਕਿਹਾ ਸੀ ਕਿ ਸੰਬੰਧਤ ਅਕਾਊਂਟ ਨੂੰ ਨਿਯਮਾਂ ਦੀ ਉਲੰਘਣਾ ਕਾਰਨ ਬੈਨ ਕੀਤਾ ਗਿਆ ਸੀ, ਪਰ ਕੰਪਨੀ ਨੇ ਇਹ ਵੀ ਦਾਅਵਾ ਕੀਤਾ ਕਿ ਤੁਰੰਤ ਖਤਰੇ ਦੀ ਪੁਸ਼ਟੀ ਨਾ ਹੋਣ ਕਾਰਨ ਕਾਨੂੰਨੀ ਏਜੰਸੀਆਂ ਨੂੰ ਸੂਚਨਾ ਨਹੀਂ ਦਿੱਤੀ ਗਈ। ਵਕੀਲਾਂ ਦਾ ਕਹਿਣਾ ਹੈ ਕਿ ਇਹ ਕੇਸ ਕੰਪਨੀਆਂ ਦੀ ਜ਼ਿੰਮੇਵਾਰੀ ਅਤੇ AI ਸੁਰੱਖਿਆ ਨੀਤੀਆਂ ਉੱਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਪਰਿਵਾਰਾਂ ਨੇ ਅਦਾਲਤ ਤੋਂ ਵੱਡੇ ਹਰਜਾਨੇ ਅਤੇ ਜ਼ੂਰੀ ਟ੍ਰਾਇਲ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਅਗਲੇ ਸਾਲ ਇਸ ਮਾਮਲੇ ਦੀ ਸੁਣਵਾਈ ਦੀ ਉਮੀਦ ਕਰ ਰਹੇ ਹਨ।

ਇਸ ਲੇਖ ਨੂੰ ਸਾਂਝਾ ਕਰੋ: