RCMP ਵੱਲੋਂ ਨਕਲੀ $ ਵਿਚ ਵਾਧੇ ਬਾਰੇ ਲੋਕਾਂ ਨੂੰ ਚੇਤਾਵਨੀ ਜਾਰੀ

Nanaimo RCMP ਪੂਰੇ ਸ਼ਹਿਰ ਵਿੱਚ ਪ੍ਰਚਲਿਤ ਕੀਤੇ ਜਾ ਰਹੇ ਨਕਲੀ $50 ਅਤੇ $100 ਦੇ ਕੈਨੇਡੀਅਨ ਬੈਂਕ ਨੋਟਾਂ ਵਿੱਚ ਵਾਧੇ ਬਾਰੇ ਜਨਤਾ ਨੂੰ ਚੇਤਾਵਨੀ ਦੇ ਰਹੀ ਹੈ। ਪਿਛਲੇ ਦੋ ਮਹੀਨਿਆਂ ਵਿੱਚ ਪੁਲਿਸ ਨੂੰ ਘੱਟੋ-ਘੱਟ 17 ਵੱਖ-ਵੱਖ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿੱਚ high-quality ਵਾਲੇ ਨਕਲੀ ਨੋਟ ਵੱਖ-ਵੱਖ ਕਾਰੋਬਾਰਾਂ ‘ਚ ਵਰਤੇ ਗਏ।

ਪੁਲਿਸ ਮੁਤਾਬਕ ਜ਼ਬਤ ਕੀਤੇ ਨਕਲੀ ਨੋਟਾਂ ਦੇ ਸੀਰੀਅਲ ਨੰਬਰ ਇੱਕੋ ਜਿਹੇ ਹਨ। ਇਹ ਅਸਲੀ ਕਰੰਸੀ ਵਾਂਗ ਮਿਲਦੇ-ਜੁਲਦੇ ਪਲਾਸਟਿਕ ਨਾਲ ਬਣੇ ਹਨ ਅਤੇ ਉਨ੍ਹਾਂ ‘ਤੇ ਹੋਲੋਗ੍ਰਾਫਿਕ ਸਟ੍ਰਿਪ ਵੀ ਲੱਗੀ ਹੋਈ ਹੈ, ਜੋ ਅਸਲੀ ਸੁਰੱਖਿਆ ਫੀਚਰ ਦੀ ਨਕਲ ਕਰਦੀ ਹੈ। ਹਾਲਾਂਕਿ, ਇੱਕ ਪਾਸੇ ਲੱਗੀ ਹੋਲੋਗ੍ਰਾਫਿਕ ਪੱਟੀ ਉਤਾਰੀ ਜਾ ਸਕਦੀ ਹੈ, ਜੋ ਨਕਲੀ ਹੋਣ ਦਾ ਸੰਕੇਤ ਹੈ।

ਕਾਂਸਟੇਬਲ ਅਲੇਕਸਾ ਬਲੈਕਲੌਕ ਨੇ ਕਿਹਾ ਕਿ ਕੈਨੇਡਾ ਵਿੱਚ ਜਾਣਬੁੱਝ ਕੇ ਨਕਲੀ ਕਰੰਸੀ ਵਰਤਣਾ ਜਾਂ ਰੱਖਣਾ ਗੈਰਕਾਨੂੰਨੀ ਹੈ। ਜੇ ਕੋਈ ਵਿਅਕਤੀ ਅਣਜਾਣੇ ਵਿੱਚ ਨਕਲੀ ਨੋਟ ਕਬੂਲ ਕਰ ਲੈਂਦਾ ਹੈ ਤਾਂ ਉਸਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਅਤੇ ਨੁਕਸਾਨ ਉਸਦੇ ਸਿਰ ਹੀ ਰਹਿੰਦਾ ਹੈ।

ਕਾਰੋਬਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਨਕਦ ਲੈਂਦੇ ਸਮੇਂ ਨੋਟਾਂ ਦੀ ਧਿਆਨ ਨਾਲ ਜਾਂਚ ਕਰਨ। ਅਸਲੀ ਨੋਟਾਂ ਦੇ ਸੁਰੱਖਿਆ ਫੀਚਰਾਂ ਬਾਰੇ ਜਾਣਕਾਰੀ ਲਈ Bank of Canada ਦੀ ਵੈੱਬਸਾਈਟ ‘ਤੇ ਸਰੋਤ ਉਪਲਬਧ ਹਨ।

ਨਕਲੀ ਕਰੰਸੀ ਬਾਰੇ ਜਾਣਕਾਰੀ ਦੇਣ ਜਾਂ ਸ਼ਿਕਾਇਤ ਦਰਜ ਕਰਵਾਉਣ ਲਈ ਲੋਕ RCMP ਨਾਲ ਸੰਪਰਕ ਕਰ ਸਕਦੇ ਹਨ।

ਇਸ ਲੇਖ ਨੂੰ ਸਾਂਝਾ ਕਰੋ: